ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 618

ਸੋਰਠਿ ਮਹਲਾ ੫ ॥ ਜਨਮ ਜਨਮ ਕੇ ਦੂਖ ਨਿਵਾਰੈ ਸੂਕਾ ਮਨੁ ਸਾਧਾਰੈ ॥ ਦਰਸਨੁ ਭੇਟਤ ਹੋਤ ਨਿਹਾਲਾ ਹਰਿ ਕਾ ਨਾਮੁ ਬੀਚਾਰੈ ॥੧॥ ਮੇਰਾ ਬੈਦੁ ਗੁਰੂ ਗੋਵਿੰਦਾ ॥ ਹਰਿ ਹਰਿ ਨਾਮੁ ਅਉਖਧੁ ਮੁਖਿ ਦੇਵੈ ਕਾਟੈ ਜਮ ਕੀ ਫੰਧਾ ॥੧॥ ਰਹਾਉ ॥ ਸਮਰਥ ਪੁਰਖ ਪੂਰਨ ਬਿਧਾਤੇ ਆਪੇ ਕਰਣੈਹਾਰਾ ॥ ਅਪੁਨਾ ਦਾਸੁ ਹਰਿ ਆਪਿ ਉਬਾਰਿਆ ਨਾਨਕ ਨਾਮ ਅਧਾਰਾ ॥੨॥੬॥੩੪॥ {ਪੰਨਾ 618}

ਪਦਅਰਥ: ਨਿਵਾਰੈ = ਦੂਰ ਕਰ ਦੇਂਦਾ ਹੈ। ਸੂਕਾ = ਸੁੱਕਾ ਹੋਇਆ, ਪਰਮਾਤਮਾ ਦੇ ਪ੍ਰੇਮ ਦੀ ਹਰਿਆਵਲ ਤੋਂ ਸੱਖਣਾ। ਸਾਧਾਰੈ = ਸਹਾਰਾ ਦੇਂਦਾ ਹੈ। ਭੇਟਤ = ਮਿਲਦਿਆਂ, ਪ੍ਰਾਪਤ ਹੁੰਦਿਆਂ। ਨਿਹਾਲਾ = ਪ੍ਰਸੰਨ = ਚਿੱਤ। ਬੀਚਾਰੈ = ਵਿਚਾਰਦਾ, ਸੋਚ = ਮੰਡਲ ਵਿਚ ਵਸਾ ਲੈਂਦਾ ਹੈ।੧।

ਬੈਦੁ = ਹਕੀਮ। ਅਉਖਧੁ = ਦਵਾਈ। ਮੁਖਿ = ਮੂੰਹ ਵਿਚ। ਫੰਧਾ = ਫਾਹੀ।੧।ਰਹਾਉ।

ਸਮਰਥ = ਹੇ ਸਭ ਤਾਕਤਾਂ ਦੇ ਮਾਲਕ! ਪੁਰਖ = ਹੇ ਸਰਬ = ਵਿਆਪਕ! ਪੂਰਨ = ਹੇ ਭਰਪੂਰ! ਬਿਧਾਤੇ = ਹੇ ਸਿਰਜਣਹਾਰ! ਆਪੇ = (ਤੂੰ) ਆਪ ਹੀ। ਕਰਣੈਹਾਰਾ = (ਗੁਰੂ ਨੂੰ) ਬਣਾਨ ਵਾਲਾ। ਉਬਾਰਿਆ = (ਜਮ ਦੀ ਫਾਹੀ ਤੋਂ) ਬਚਾ ਲਿਆ। ਅਧਾਰਾ = ਆਸਰਾ।੨।

ਅਰਥ: ਹੇ ਭਾਈ! ਗੋਬਿੰਦ ਦਾ ਰੂਪ ਮੇਰਾ ਗੁਰੂ (ਪੂਰਾ) ਹਕੀਮ ਹੈ। (ਇਹ ਹਕੀਮ ਜਿਸ ਮਨੁੱਖ ਦੇ) ਮੂੰਹ ਵਿਚ ਹਰਿ-ਨਾਮ ਦਵਾਈ ਪਾਂਦਾ ਹੈ, (ਉਸ ਦੀ) ਜਮ ਦੀ ਫਾਹੀ ਕੱਟ ਦੇਂਦਾ ਹੈ (ਆਤਮਕ ਮੌਤ ਲਿਆਉਣ ਵਾਲੇ ਵਿਕਾਰਾਂ ਦੀ ਫਾਹੀ ਉਸ ਦੇ ਅੰਦਰੋਂ ਕੱਟ ਦੇਂਦਾ ਹੈ) ੧।ਰਹਾਉ।

ਹੇ ਭਾਈ! ਵੈਦ-ਗੁਰੂ (ਸਰਣ-ਪਏ ਮਨੁੱਖ ਦੇ) ਅਨੇਕਾਂ ਜਨਮਾਂ ਦੇ ਦੁੱਖ ਦੂਰ ਕਰ ਦੇਂਦਾ ਹੈ, ਆਤਮਕ ਜੀਵਨ ਦੀ ਹਰਿਆਵਲ ਤੋਂ ਸੱਖਣੇ ਉਸ ਦੇ ਮਨ ਨੂੰ (ਨਾਮ-ਦਾਰੂ ਦਾ ਸਹਾਰਾ ਦੇਂਦਾ ਹੈ। ਗੁਰੂ ਦਾ ਦਰਸਨ ਕਰਦਿਆਂ ਹੀ (ਮਨੁੱਖ) ਖਿੜ ਆਉਂਦਾ ਹੈ, ਤੇ, ਪਰਮਾਤਮਾ ਦੇ ਨਾਮ ਨੂੰ ਆਪਣੇ ਸੋਚ-ਮੰਡਲ ਵਿਚ ਵਸਾ ਲੈਂਦਾ ਹੈ।੧।

ਹੇ ਨਾਨਕ! ਆਖ-) ਹੇ ਸਭ ਤਾਕਤਾਂ ਦੇ ਮਾਲਕ! ਹੇ ਸਰਬ-ਵਿਆਪਕ! ਹੇ ਭਰਪੂਰ! ਹੇ ਸਭ ਜੀਵਾਂ ਦੇ ਪੈਦਾ ਕਰਨ ਵਾਲੇ! ਤੂੰ ਆਪ ਹੀ (ਗੁਰੂ ਨੂੰ ਪੂਰਾ ਵੈਦ) ਬਣਾਣ ਵਾਲਾ ਹੈਂ। ਆਪਣੇ ਸੇਵਕ ਨੂੰ (ਵੈਦ-ਗੁਰੂ ਪਾਸੋਂ) ਨਾਮ ਦਾ ਆਸਰਾ ਦਿਵਾ ਕੇ ਤੂੰ ਆਪ ਹੀ (ਜਮ ਦੀ ਫਾਹੀ ਤੋਂ) ਬਚਾ ਲੈਂਦਾ ਹੈਂ।੨।੬।੩੪।

ਸੋਰਠਿ ਮਹਲਾ ੫ ॥ ਅੰਤਰ ਕੀ ਗਤਿ ਤੁਮ ਹੀ ਜਾਨੀ ਤੁਝ ਹੀ ਪਾਹਿ ਨਿਬੇਰੋ ॥ ਬਖਸਿ ਲੈਹੁ ਸਾਹਿਬ ਪ੍ਰਭ ਅਪਨੇ ਲਾਖ ਖਤੇ ਕਰਿ ਫੇਰੋ ॥੧॥ ਪ੍ਰਭ ਜੀ ਤੂ ਮੇਰੋ ਠਾਕੁਰੁ ਨੇਰੋ ॥ ਹਰਿ ਚਰਣ ਸਰਣ ਮੋਹਿ ਚੇਰੋ ॥੧॥ ਰਹਾਉ ॥ ਬੇਸੁਮਾਰ ਬੇਅੰਤ ਸੁਆਮੀ ਊਚੋ ਗੁਨੀ ਗਹੇਰੋ ॥ ਕਾਟਿ ਸਿਲਕ ਕੀਨੋ ਅਪੁਨੋ ਦਾਸਰੋ ਤਉ ਨਾਨਕ ਕਹਾ ਨਿਹੋਰੋ ॥੨॥੭॥੩੫॥ {ਪੰਨਾ 618}

ਪਦਅਰਥ: ਗਤਿ = ਆਤਮਕ ਅਵਸਥਾ। ਪਾਹਿ = ਪਾਸ। ਨਿਬੇਰੋ = ਨਿਬੇੜਾ, ਫ਼ੈਸਲਾ। ਸਾਹਿਬ = ਹੇ ਮਾਲਕ! ਖਤੇ = ਪਾਪ। ਕਰਿ ਫੇਰੋ = ਕਰਦਾ ਫਿਰਦਾ ਹਾਂ।੧।

ਠਾਕੁਰੁ = ਪਾਲਣਹਾਰ। ਨੇਰੋ = ਨੇੜੇ, ਅੰਗ = ਸੰਗ। ਮੋਹਿ = ਮੈਨੂੰ। ਚੇਰੋ = ਚੇਰਾ, ਦਾਸ।੧।ਰਹਾਉ।

ਸੁਆਮੀ = ਹੇ ਮਾਲਕ! ਗੁਨੀ = ਗੁਣਾਂ ਦਾ ਮਾਲਕ। ਗਹੇਰੋ = ਡੂੰਘਾ। ਸਿਲਕ = ਫਾਹੀ। ਦਾਸਰੋ = ਨਿੱਕਾ ਜਿਹਾ ਦਾਸ। ਤਉ = ਤਦੋਂ। ਨਿਹੋਰੋ = ਮੁਥਾਜੀ।੨।

ਅਰਥ: ਹੇ ਪ੍ਰਭੂ ਜੀ! ਤੂੰ ਮੇਰਾ ਪਾਲਣਹਾਰਾ ਮਾਲਕ ਹੈਂ, ਮੇਰੇ ਅੰਗ-ਸੰਗ ਵੱਸਦਾ ਹੈਂ। ਹੇ ਹਰੀ! ਮੈਨੂੰ ਆਪਣੇ ਚਰਨਾਂ ਦੀ ਸਰਣ ਵਿਚ ਰੱਖ, ਮੈਨੂੰ ਆਪਣਾ ਦਾਸ ਬਣਾਈ ਰੱਖ।੧।ਰਹਾਉ।

ਹੇ ਮੇਰੇ ਆਪਣੇ ਮਾਲਕ ਪ੍ਰਭੂ! ਮੇਰੇ ਦਿਲ ਦੀ ਹਾਲਤ ਤੂੰ ਹੀ ਜਾਣਦਾ ਹੈਂ, ਤੇਰੀ ਸਰਣ ਪਿਆਂ ਹੀ (ਮੇਰੀ ਅੰਦਰਲੀ ਮੰਦੀ ਹਾਲਤ ਦਾ) ਖ਼ਾਤਮਾ ਹੋ ਸਕਦਾ ਹੈ। ਮੈਂ ਲੱਖਾਂ ਪਾਪ ਕਰਦਾ ਫਿਰਦਾ ਹਾਂ। ਹੇ ਮੇਰੇ ਮਾਲਕ! ਮੈਨੂੰ ਬਖ਼ਸ਼ ਲੈ।੧।

ਹੇ ਬੇਸ਼ੁਮਾਰ ਪ੍ਰਭੂ! ਹੇ ਬੇਅੰਤ! ਹੇ ਮੇਰੇ ਮਾਲਕ! ਤੂੰ ਉੱਚੀ ਆਤਮਕ ਅਵਸਥਾ ਵਾਲਾ ਹੈਂ, ਤੂੰ ਸਾਰੇ ਗੁਣਾਂ ਦਾ ਮਾਲਕ ਹੈਂ, ਤੂੰ ਡੂੰਘਾ ਹੈਂ। ਹੇ ਨਾਨਕ! (ਆਖ-ਹੇ ਪ੍ਰਭੂ! ਜਦੋਂ ਤੂੰ ਕਿਸੇ ਮਨੁੱਖ ਦੀ ਵਿਕਾਰਾਂ ਦੀ) ਫਾਹੀ ਕੱਟ ਕੇ ਉਸ ਨੂੰ ਆਪਣਾ ਦਾਸ ਬਣਾ ਲੈਂਦਾ ਹੈਂ, ਤਦੋਂ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ।੨।੭।੩੫।

ਸੋਰਠਿ ਮਃ ੫ ॥ ਭਏ ਕ੍ਰਿਪਾਲ ਗੁਰੂ ਗੋਵਿੰਦਾ ਸਗਲ ਮਨੋਰਥ ਪਾਏ ॥ ਅਸਥਿਰ ਭਏ ਲਾਗਿ ਹਰਿ ਚਰਣੀ ਗੋਵਿੰਦ ਕੇ ਗੁਣ ਗਾਏ ॥੧॥ ਭਲੋ ਸਮੂਰਤੁ ਪੂਰਾ ॥ ਸਾਂਤਿ ਸਹਜ ਆਨੰਦ ਨਾਮੁ ਜਪਿ ਵਾਜੇ ਅਨਹਦ ਤੂਰਾ ॥੧॥ ਰਹਾਉ ॥ ਮਿਲੇ ਸੁਆਮੀ ਪ੍ਰੀਤਮ ਅਪੁਨੇ ਘਰ ਮੰਦਰ ਸੁਖਦਾਈ ॥ ਹਰਿ ਨਾਮੁ ਨਿਧਾਨੁ ਨਾਨਕ ਜਨ ਪਾਇਆ ਸਗਲੀ ਇਛ ਪੁਜਾਈ ॥੨॥੮॥੩੬॥ {ਪੰਨਾ 618}

ਪਦਅਰਥ: ਕ੍ਰਿਪਾਲ = ਦਇਆਵਾਨ। ਗੋਵਿੰਦਾ = ਪਰਮਾਤਮਾ। ਸਗਲ = ਸਾਰੇ। ਮਨੋਰਥ = ਮਨ ਦੀਆਂ ਮੁਰਾਦਾਂ। ਅਸਥਿਰ = ਅਡੋਲ। ਗਾਏ = ਗਾਇ, ਗਾ ਕੇ।੧।

ਭਲੋ = ਭਲਾ, ਚੰਗਾ। ਪੂਰਾ = ਸ਼ੁਭ। ਸ ਮੂਰਤੁ = ਉਹ ਸਮਾ। ਸਹਜ = ਆਤਮਕ ਅਡੋਲਤਾ। ਜਪਿ = ਜਪ ਕੇ। ਵਾਜੇ = ਵੱਜ ਪਏ। ਅਨਹਦ = ਬਿਨਾ ਵਜਾਏ, ਇੱਕ = ਰਸ। ਤੂਰਾ = ਤੂਰੇ, ਵਾਜੇ।੧।ਰਹਾਉ।

ਨਿਧਾਨੁ = ਖ਼ਜ਼ਾਨਾ। ਪੁਜਾਈ = ਪੂਰੀ ਹੋ ਗਈ।੨।

ਅਰਥ: (ਹੇ ਭਾਈ! ਮਨੁੱਖ ਦੇ ਜੀਵਨ ਵਿਚ) ਉਹ ਸਮਾ ਸੁਹਾਵਣਾ ਹੁੰਦਾ ਹੈ ਸ਼ੁਭ ਹੁੰਦਾ ਹੈ, ਜਦੋਂ ਪਰਮਾਤਮਾ ਦਾ ਨਾਮ ਜਪ ਕੇ ਉਸ ਦੇ ਅੰਦਰ ਸ਼ਾਂਤੀ, ਆਤਮਕ ਅਡੋਲਤਾ, ਆਨੰਦ ਦੇ ਇਕ-ਰਸ ਵਾਜੇ ਵੱਜਦੇ ਹਨ।੧।ਰਹਾਉ।

ਹੇ ਭਾਈ! ਜਿਸ ਮਨੁੱਖ ਉਤੇ ਪਰਮਾਤਮਾ ਦਾ ਰੂਪ ਗੁਰੂ ਦਇਆਵਾਨ ਹੁੰਦਾ ਹੈ, ਉਸ ਦੇ ਮਨ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ (ਕਿਉਂਕਿ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾ ਗਾ ਕੇ ਪ੍ਰਭੂ-ਚਰਨਾਂ ਵਿਚ ਲਗਨ ਲਾ ਕੇ ਉਹ ਮਨੁੱਖ (ਮਾਇਆ ਦੇ ਹੱਲਿਆਂ ਅੱਗੇ) ਡੋਲਣੋਂ ਹਟ ਜਾਂਦਾ ਹੈ।੧।

ਹੇ ਭਾਈ! ਜਿਸ ਮਨੁੱਖ ਨੂੰ ਆਪਣੇ ਮਾਲਕ ਪ੍ਰੀਤਮ ਪ੍ਰਭੂ ਜੀ ਮਿਲ ਪੈਂਦੇ ਹਨ, ਉਸ ਨੂੰ ਇਹ ਘਰ-ਘਾਟ ਸੁਖ ਦੇਣ ਵਾਲੇ ਪ੍ਰਤੀਤ ਹੁੰਦੇ ਹਨ। ਹੇ ਦਾਸ ਨਾਨਕ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ-ਖ਼ਜ਼ਾਨਾ ਲੱਭ ਲਿਆ, ਉਸ ਦੀ ਹਰੇਕ ਮਨੋ-ਕਾਮਨਾ ਪੂਰੀ ਹੋ ਜਾਂਦੀ ਹੈ।੨।੮।੩੬।

ਸੋਰਠਿ ਮਹਲਾ ੫ ॥ ਗੁਰ ਕੇ ਚਰਨ ਬਸੇ ਰਿਦ ਭੀਤਰਿ ਸੁਭ ਲਖਣ ਪ੍ਰਭਿ ਕੀਨੇ ॥ ਭਏ ਕ੍ਰਿਪਾਲ ਪੂਰਨ ਪਰਮੇਸਰ ਨਾਮ ਨਿਧਾਨ ਮਨਿ ਚੀਨੇ ॥੧॥ ਮੇਰੋ ਗੁਰੁ ਰਖਵਾਰੋ ਮੀਤ ॥ ਦੂਣ ਚਊਣੀ ਦੇ ਵਡਿਆਈ ਸੋਭਾ ਨੀਤਾ ਨੀਤ ॥੧॥ ਰਹਾਉ ॥ ਜੀਅ ਜੰਤ ਪ੍ਰਭਿ ਸਗਲ ਉਧਾਰੇ ਦਰਸਨੁ ਦੇਖਣਹਾਰੇ ॥ ਗੁਰ ਪੂਰੇ ਕੀ ਅਚਰਜ ਵਡਿਆਈ ਨਾਨਕ ਸਦ ਬਲਿਹਾਰੇ ॥੨॥੯॥੩੭॥ {ਪੰਨਾ 618}

ਪਦਅਰਥ: ਰਿਦ ਭੀਤਰਿ = ਹਿਰਦੇ ਵਿਚ। ਸੁਭ ਲਖਣ = ਸਫਲਤਾ ਦੇਣ ਵਾਲੇ ਲੱਛਣ। ਪ੍ਰਭਿ = ਪ੍ਰਭੂ ਨੇ। ਮਨਿ = ਮਨ ਵਿਚ। ਚੀਨੇ = ਪਛਾਣ ਲਏ।੧।

ਮੇਰੋ = ਮੇਰਾ। ਰਖਵਾਰੋ = ਰਖਵਾਲਾ। ਚਊਣੀ = ਚਉ = ਗੁਣੀ। ਦੇ = ਦੇਂਦਾ ਹੈ। ਨੀਤਾ ਨੀਤ = ਸਦਾ ਹੀ।੧।ਰਹਾਉ।

ਜੀਅ ਜੰਤ ਸਗਲੇ = ਸਾਰੇ ਹੀ ਜੀਵ। ਪ੍ਰਭਿ = ਪ੍ਰਭੂ ਨੇ। ਦੇਖਣਹਾਰੇ = ਵੇਖਣ ਵਾਲੇ। ਅਚਰਜ = ਹੈਰਾਨ ਕਰ ਦੇਣ ਵਾਲੀ। ਵਡਿਆਈ = ਵੱਡਾ ਦਰਜਾ। ਸਦ = ਸਦਾ। ਬਲਿਹਾਰੇ = ਕੁਰਬਾਨ।੨।

ਅਰਥ: ਹੇ ਭਾਈ! ਮੇਰਾ ਗੁਰੂ ਮੇਰਾ ਰਾਖਾ ਹੈ ਮੇਰਾ ਮਿੱਤਰ ਹੈ, (ਪ੍ਰਭੂ ਦਾ ਨਾਮ ਦੇ ਕੇ, ਮੈਨੂੰ) ਉਹ ਵਡਿਆਈ ਬਖ਼ਸ਼ਦਾ ਹੈ ਜੋ ਦੂਣੀ ਚਉਣੀ ਹੁੰਦੀ ਜਾਂਦੀ ਹੈ (ਸਦਾ ਵਧਦੀ ਜਾਂਦੀ ਹੈ) , ਮੈਨੂੰ ਸਦਾ ਸੋਭਾ ਦਿਵਾਂਦਾ ਹੈ।੧।ਰਹਾਉ।

ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਦੇ ਚਰਨ ਵੱਸ ਪਏ, ਪ੍ਰਭੂ ਨੇ (ਉਸ ਦੀ ਜ਼ਿੰਦਗੀ ਵਿਚ) ਸਫਲਤਾ ਪੈਦਾ ਕਰਨ ਵਾਲੇ ਲੱਛਣ ਪੈਦਾ ਕਰ ਦਿੱਤੇ। ਸਰਬ-ਵਿਆਪਕ ਪ੍ਰਭੂ ਜੀ ਜਿਸ ਮਨੁੱਖ ਉਤੇ ਦਇਆਵਾਨ ਹੋ ਗਏ, ਉਸ ਮਨੁੱਖ ਨੇ ਪਰਮਾਤਮਾ ਦੇ ਨਾਮ ਦੇ ਖ਼ਜ਼ਾਨੇ ਆਪਣੇ ਮਨ ਵਿਚ (ਟਿਕੇ ਹੋਏ) ਪਛਾਣ ਲਏ।੧।

ਹੇ ਭਾਈ! ਗੁਰੂ ਦਾ ਦਰਸਨ ਕਰਨ ਵਾਲੇ ਸਾਰੇ ਮਨੁੱਖਾਂ ਨੂੰ ਪ੍ਰਭੂ ਨੇ (ਵਿਕਾਰਾਂ ਤੋਂ) ਬਚਾ ਲਿਆ। ਪੂਰੇ ਗੁਰੂ ਦਾ ਇਤਨਾ ਵੱਡਾ ਦਰਜਾ ਹੈ ਕਿ (ਵੇਖ ਕੇ) ਹੈਰਾਨ ਹੋ ਜਾਈਦਾ ਹੈ। ਹੇ ਨਾਨਕ! ਆਖ-ਮੈਂ ਗੁਰੂ ਤੋਂ) ਸਦਾ ਕੁਰਬਾਨ ਜਾਂਦਾ ਹਾਂ।੨।੯।੩੭।

ਸੋਰਠਿ ਮਹਲਾ ੫ ॥ ਸੰਚਨਿ ਕਰਉ ਨਾਮ ਧਨੁ ਨਿਰਮਲ ਥਾਤੀ ਅਗਮ ਅਪਾਰ ॥ ਬਿਲਛਿ ਬਿਨੋਦ ਆਨੰਦ ਸੁਖ ਮਾਣਹੁ ਖਾਇ ਜੀਵਹੁ ਸਿਖ ਪਰਵਾਰ ॥੧॥ ਹਰਿ ਕੇ ਚਰਨ ਕਮਲ ਆਧਾਰ ॥ ਸੰਤ ਪ੍ਰਸਾਦਿ ਪਾਇਓ ਸਚ ਬੋਹਿਥੁ ਚੜਿ ਲੰਘਉ ਬਿਖੁ ਸੰਸਾਰ ॥੧॥ ਰਹਾਉ ॥ ਭਏ ਕ੍ਰਿਪਾਲ ਪੂਰਨ ਅਬਿਨਾਸੀ ਆਪਹਿ ਕੀਨੀ ਸਾਰ ॥ ਪੇਖਿ ਪੇਖਿ ਨਾਨਕ ਬਿਗਸਾਨੋ ਨਾਨਕ ਨਾਹੀ ਸੁਮਾਰ ॥੨॥੧੦॥੩੮॥ {ਪੰਨਾ 618}

ਪਦਅਰਥ: ਸੰਚਨਿ ਕਰਉ = (ਕਰਉਂ) ਮੈਂ ਇਕੱਠਾ ਕਰਦਾ ਹਾਂ। ਨਾਮ ਧਨੁ ਨਿਰਮਲ = ਨਿਰਮਲ ਨਾਮ ਧਨੁ, ਪ੍ਰਭੂ ਦੇ ਪਵਿਤ੍ਰ ਨਾਮ ਦਾ ਧਨ। ਥਾਤੀ = {स्थिति} ਟਿਕਾਉ। ਅਗਮ = ਅਪਹੁੰਚ। ਅਪਾਰ = ਬੇਅੰਤ। ਬਿਲਛਿ = {विलस्य} ਪ੍ਰਸੰਨ ਹੋ ਕੇ। ਬਿਨੋਦ = (ਆਤਮਕ) ਚੋਜ ਤਮਾਸ਼ੇ। ਜੀਵਹੁ = ਆਤਮਕ ਜੀਵਨ ਪ੍ਰਾਪਤ ਕਰੋ। ਸਿਖ ਪਰਵਾਰ = ਹੇ (ਗੁਰੂ ਕੇ) ਸਿੱਖ = ਪਰਵਾਰ!੧।

ਆਧਾਰ = ਆਸਰਾ। ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਸਚ = ਸਦਾ ਕਾਇਮ ਰਹਿਣ ਵਾਲਾ। ਬੋਹਿਥੁ = ਜਹਾਜ਼। ਚੜਿ = ਚੜ੍ਹ ਕੇ। ਲੰਘਉ = ਲੰਘਉਂ, ਮੈਂ ਲੰਘਦਾ ਹਾਂ। ਬਿਖੁ = ਜ਼ਹਿਰ।੧।ਰਹਾਉ।

ਆਪਹਿ = ਆਪ ਹੀ। ਸਾਰ = ਸੰਭਾਲ। ਪੇਖਿ = ਵੇਖ ਕੇ। ਨਾਨਕੁ ਬਿਗਸਨੋ = ਨਾਨਕ ਖ਼ੁਸ਼ ਹੋ ਰਿਹਾ ਹੈ। ਨਾਨਕ = ਹੇ ਨਾਨਕ! ਸੁਮਾਰ = ਮਿਣਤੀ, ਹੱਦ।੨।

ਅਰਥ: (ਹੇ ਭਾਈ!) ਪਰਮਾਤਮਾ ਦੇ ਕੋਮਲ ਚਰਨਾਂ ਨੂੰ (ਮੈਂ ਆਪਣੀ ਜ਼ਿੰਦਗੀ ਦਾ) ਆਸਰਾ (ਬਣਾ ਲਿਆ ਹੈ) ਗੁਰੂ ਦੀ ਕਿਰਪਾ ਨਾਲ ਮੈਂ ਸਦਾ-ਥਿਰ ਪ੍ਰਭੂ ਦਾ ਨਾਮ ਜਹਾਜ਼ ਲੱਭ ਲਿਆ ਹੈ, (ਉਸ ਵਿਚ) ਚੜ੍ਹ ਕੇ ਮੈਂ (ਆਤਮਕ ਮੌਤ ਲਿਆਉਣ ਵਾਲੇ ਵਿਕਾਰਾਂ ਦੇ) ਜ਼ਹਿਰ-ਭਰੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਰਿਹਾ ਹਾਂ।੧।ਰਹਾਉ।

(ਹੇ ਭਾਈ! ਗੁਰੂ ਦੀ ਕਿਰਪਾ ਨਾਲ) ਮੈਂ ਪਰਮਾਤਮਾ ਦੇ ਪਵਿਤ੍ਰ ਨਾਮ ਦਾ ਧਨ ਇਕੱਠਾ ਕਰ ਰਿਹਾ ਹਾਂ (ਜਿਥੇ ਇਹ ਧਨ ਇਕੱਠਾ ਕੀਤਾ ਜਾਏ, ਉੱਥੇ) ਅਪਹੁੰਚ ਤੇ ਬੇਅੰਤ ਪ੍ਰਭੂ ਦਾ ਨਿਵਾਸ ਹੋ ਜਾਂਦਾ ਹੈ। ਹੇ (ਗੁਰੂ ਕੇ) ਸਿੱਖ-ਪਰਵਾਰ! ਹੇ ਗੁਰਸਿੱਖੋ!) ਤੁਸੀ ਭੀ (ਆਤਮਕ ਜੀਵਨ ਵਾਸਤੇ ਇਹ ਨਾਮ-ਭੋਜਨ) ਖਾ ਕੇ ਆਤਮਕ ਜੀਵਨ ਹਾਸਲ ਕਰੋ, ਖ਼ੁਸ਼ ਹੋ ਕੇ ਆਤਮਕ ਚੋਜ ਆਨੰਦ ਸੁਖ ਮਾਣਿਆ ਕਰੋ।੧।

ਹੇ ਭਾਈ! ਜਿਸ ਮਨੁੱਖ ਉੱਤੇ ਸਰਬ-ਵਿਆਪਕ ਅਬਿਨਾਸੀ ਪ੍ਰਭੂ ਜੀ ਦਇਆਵਾਨ ਹੁੰਦੇ ਹਨ, ਉਸ ਦੀ ਸੰਭਾਲ ਆਪ ਹੀ ਕਰਦੇ ਹਨ। ਨਾਨਕ (ਉਸ ਦਾ ਇਹ ਕੌਤਕ) ਵੇਖ ਵੇਖ ਕੇ ਖ਼ੁਸ਼ ਹੋ ਰਿਹਾ ਹੈ। ਹੇ ਨਾਨਕ! (ਸੇਵਕ ਦੀ ਸੰਭਾਲ ਕਰਨ ਦੀ ਪ੍ਰਭੂ ਦੀ ਦਇਆ ਦਾ) ਅੰਦਾਜ਼ਾ ਨਹੀਂ ਲਾਇਆ ਜਾ ਸਕਦਾ।੨।੧੦।੩੮।

ਸੋਰਠਿ ਮਹਲਾ ੫ ॥ ਗੁਰਿ ਪੂਰੈ ਅਪਨੀ ਕਲ ਧਾਰੀ ਸਭ ਘਟ ਉਪਜੀ ਦਇਆ ॥ ਆਪੇ ਮੇਲਿ ਵਡਾਈ ਕੀਨੀ ਕੁਸਲ ਖੇਮ ਸਭ ਭਇਆ ॥੧॥ ਸਤਿਗੁਰੁ ਪੂਰਾ ਮੇਰੈ ਨਾਲਿ ॥ ਪਾਰਬ੍ਰਹਮੁ ਜਪਿ ਸਦਾ ਨਿਹਾਲ ॥ ਰਹਾਉ ॥ ਅੰਤਰਿ ਬਾਹਰਿ ਥਾਨ ਥਨੰਤਰਿ ਜਤ ਕਤ ਪੇਖਉ ਸੋਈ ॥ ਨਾਨਕ ਗੁਰੁ ਪਾਇਓ ਵਡਭਾਗੀ ਤਿਸੁ ਜੇਵਡੁ ਅਵਰੁ ਨ ਕੋਈ ॥੨॥੧੧॥੩੯॥ {ਪੰਨਾ 618}

ਪਦਅਰਥ: ਗੁਰਿ ਪੂਰੈ = ਪੂਰੇ ਗੁਰੂ ਨੇ। ਕਲ = ਕਲਾ, ਸੱਤਿਆ, ਤਾਕਤ। ਸਭ ਘਟ = ਸਾਰੇ ਸਰੀਰਾਂ ਵਾਸਤੇ। ਉਪਜੀ = ਪੈਦਾ ਹੋ ਗਈ ਹੈ। ਆਪੇ = ਆਪ ਹੀ। ਮੇਲਿ = (ਪ੍ਰਭੂ = ਚਰਨਾਂ ਵਿਚ) ਮਿਲਾ ਕੇ। ਵਡਾਈ = ਉੱਚਾ ਆਤਮਕ ਦਰਜਾ। ਕੁਸਲ ਖੇਮ = ਖ਼ੁਸ਼ੀ, ਪ੍ਰਸੰਨਤਾ।੧।

ਜਪਿ = ਜਪ ਕੇ। ਨਿਹਾਲ = ਪ੍ਰਸੰਨ = ਚਿੱਤ।ਰਹਾਉ।

ਥਾਨ ਥਨੰਤਰਿ = ਥਾਨ ਥਾਨ ਅੰਤਰਿ, ਹਰ ਥਾਂ ਵਿਚ। ਜਤ ਕਤ = ਜਿੱਥੇ ਕਿੱਥੇ। ਪੇਖਉ = ਪੇਖਉਂ, ਮੈਂ ਵੇਖਦਾ ਹਾਂ। ਸੋਈ = ਉਹ (ਪਰਮਾਤਮਾ) ਹੀ। ਜੇਵਡੁ = ਜੇਡਾ, ਬਰਾਬਰ ਦਾ। ਅਵਰੁ = ਹੋਰ।੨।

ਅਰਥ: ਹੇ ਭਾਈ! ਪੂਰਾ ਗੁਰੂ (ਹਰ ਵੇਲੇ) ਮੇਰੇ ਨਾਲ (ਮਦਦਗਾਰ) ਹੈ, (ਉਸ ਦੀ ਮੇਹਰ ਨਾਲ) ਪਰਮਾਤਮਾ ਦਾ ਨਾਮ ਜਪ ਕੇ ਮੈਂ ਸਦਾ ਪ੍ਰਸੰਨ-ਚਿੱਤ ਰਹਿੰਦਾ ਹਾਂ।ਰਹਾਉ।

ਹੇ ਭਾਈ! ਪੂਰੇ ਗੁਰੂ ਨੇ (ਮੇਰੇ ਅੰਦਰ) ਆਪਣੀ (ਅਜੇਹੀ) ਤਾਕਤ ਭਰ ਦਿੱਤੀ ਹੈ (ਕਿ ਮੇਰੇ ਅੰਦਰ) ਸਭ ਜੀਵਾਂ ਵਾਸਤੇ ਪਿਆਰ ਪੈਦਾ ਹੋ ਗਿਆ ਹੈ। (ਗੁਰੂ ਨੇ) ਆਪ ਹੀ (ਮੈਨੂੰ ਪ੍ਰਭੂ-ਚਰਨਾਂ ਵਿਚ) ਜੋੜ ਕੇ (ਮੈਨੂੰ) ਆਤਮਕ ਉੱਚਤਾ ਬਖ਼ਸ਼ੀ ਹੈ, (ਹੁਣ ਮੇਰੇ ਅੰਦਰ) ਆਨੰਦ ਹੀ ਆਨੰਦ ਬਣਿਆ ਰਹਿੰਦਾ ਹੈ।ਰਹਾਉ।

ਹੇ ਭਾਈ! ਹੁਣ ਆਪਣੇ ਅੰਦਰ ਤੇ ਬਾਹਰ (ਸਾਰੇ ਜਗਤ ਵਿਚ) , ਹਰ ਥਾਂ ਵਿਚ, ਮੈਂ ਜਿੱਥੇ ਵੇਖਦਾ ਹਾਂ ਉਸ ਪਰਮਾਤਮਾ ਨੂੰ ਹੀ (ਵੱਸਦਾ ਵੇਖਦਾ ਹਾਂ) ਹੇ ਨਾਨਕ! ਮੈਨੂੰ) ਵੱਡੇ ਭਾਗਾਂ ਨਾਲ ਗੁਰੂ ਮਿਲ ਪਿਆ ਹੈ (ਇਹੋ ਜਿਹੀ ਦਾਤਿ ਬਖ਼ਸ਼ ਸਕਣ ਵਾਲਾ) ਗੁਰੂ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ।੨।੧੧।੩੯।

TOP OF PAGE

Sri Guru Granth Darpan, by Professor Sahib Singh