ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 559

ਵਡਹੰਸੁ ਮਹਲਾ ੩ ॥ ਮਾਇਆ ਮੋਹੁ ਗੁਬਾਰੁ ਹੈ ਗੁਰ ਬਿਨੁ ਗਿਆਨੁ ਨ ਹੋਈ ॥ ਸਬਦਿ ਲਗੇ ਤਿਨ ਬੁਝਿਆ ਦੂਜੈ ਪਰਜ ਵਿਗੋਈ ॥੧॥ ਮਨ ਮੇਰੇ ਗੁਰਮਤਿ ਕਰਣੀ ਸਾਰੁ ॥ ਸਦਾ ਸਦਾ ਹਰਿ ਪ੍ਰਭੁ ਰਵਹਿ ਤਾ ਪਾਵਹਿ ਮੋਖ ਦੁਆਰੁ ॥੧॥ ਰਹਾਉ ॥ ਗੁਣਾ ਕਾ ਨਿਧਾਨੁ ਏਕੁ ਹੈ ਆਪੇ ਦੇਇ ਤਾ ਕੋ ਪਾਏ ॥ ਬਿਨੁ ਨਾਵੈ ਸਭ ਵਿਛੁੜੀ ਗੁਰ ਕੈ ਸਬਦਿ ਮਿਲਾਏ ॥੨॥ ਮੇਰੀ ਮੇਰੀ ਕਰਦੇ ਘਟਿ ਗਏ ਤਿਨਾ ਹਥਿ ਕਿਹੁ ਨ ਆਇਆ ॥ ਸਤਗੁਰਿ ਮਿਲਿਐ ਸਚਿ ਮਿਲੇ ਸਚਿ ਨਾਮਿ ਸਮਾਇਆ ॥੩॥ ਆਸਾ ਮਨਸਾ ਏਹੁ ਸਰੀਰੁ ਹੈ ਅੰਤਰਿ ਜੋਤਿ ਜਗਾਏ ॥ ਨਾਨਕ ਮਨਮੁਖਿ ਬੰਧੁ ਹੈ ਗੁਰਮੁਖਿ ਮੁਕਤਿ ਕਰਾਏ ॥੪॥੩॥ {ਪੰਨਾ 559}

ਪਦਅਰਥ: ਗੁਬਾਰੁ = ਘੁੱਪ ਹਨੇਰਾ। ਗਿਆਨੁ = ਆਤਮਕ ਜੀਵਨ ਦੀ ਸੂਝ। ਸਬਦਿ = ਸ਼ਬਦ ਵਿਚ। ਤਿਨ = ਉਹਨਾਂ ਨੇ। ਦੂਜੈ = ਮਾਇਆ ਦੇ ਮੋਹ ਵਿਚ। ਪਰਜ = ਸ੍ਰਿਸ਼ਟੀ। ਵਿਗੋਈ = ਖ਼ੁਆਰ ਹੋ ਰਹੀ ਹੈ।੧।

ਕਰਣੀ = ਜੀਵਨ = ਕਰਤੱਬ। ਸਾਰੁ = ਸੰਭਾਲ। ਰਵਹਿ = (ਜੇ) ਤੂੰ ਸਿਮਰਦਾ ਰਹੇਂ। ਮੋਖ = ਵਿਕਾਰਾਂ ਤੋਂ ਖ਼ਲਾਸੀ।੧।ਰਹਾਉ।

ਨਿਧਾਨੁ = ਖ਼ਜ਼ਾਨਾ। ਦੇਇ = ਦੇਂਦਾ ਹੈ। ਕੋ = ਕੋਈ ਮਨੁੱਖ। ਸਬਦਿ = ਸ਼ਬਦ ਦੀ ਰਾਹੀਂ।੨।

ਘਟਿ ਗਏ = ਆਤਮਕ ਜੀਵਨ ਵਿਚ ਲਿੱਸੇ ਹੁੰਦੇ ਜਾਂਦੇ ਹਨ। ਹਥਿ = ਹੱਥ ਵਿਚ। ਕਿਹੁ = (ਆਤਮਕ ਜੀਵਨ ਵਿਚੋਂ) ਕੁਝ ਭੀ। ਸਤਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਸਚਿ = ਸਦਾ-ਥਿਰ ਪ੍ਰਭੂ ਵਿਚ। ਨਾਮਿ = ਨਾਮ ਵਿਚ।੩।

ਮਨਸਾ = ਮਨ ਦਾ ਫੁਰਨਾ {मनीषा}ਜੋਤਿ ਜਗਾਏ = ਆਤਮਕ ਜੀਵਨ ਦੀ ਰੌਸ਼ਨੀ ਕਰ ਦੇਂਦਾ ਹੈ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਬੰਧੁ = ਬੰਨ੍ਹ, ਰੋਕ। ਮੁਕਤਿ = (ਵਿਕਾਰਾਂ ਦੇ ਬੰਧਨਾਂ ਤੋਂ) ਖ਼ਲਾਸੀ।੪।

ਅਰਥ: ਹੇ ਮੇਰੇ ਮਨ! ਗੁਰੂ ਦੀ ਮਤਿ ਲੈ ਕੇ ਜੀਵਨ-ਚਾਲ ਚੱਲ। ਜੇ ਤੂੰ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹੇਂ ਤਾਂ (ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ ਦਾ ਰਸਤਾ ਲੱਭ ਲਏਂਗਾ।੧।ਰਹਾਉ।

(ਹੇ ਭਾਈ! ਆਤਮਕ ਜੀਵਨ ਦੇ ਰਸਤੇ ਵਿਚ) ਮਾਇਆ ਦਾ ਮੋਹ (ਮਾਨੋ) ਘੁੱਪ ਹਨੇਰਾ ਹੈ, ਗੁਰੂ ਦੀ ਸਰਨ ਪੈਣ ਤੋਂ ਬਿਨਾ (ਇਸ ਘੁੱਪ ਹਨੇਰੇ ਵਿਚੋਂ) ਆਤਮਕ ਜੀਵਨ ਦੀ ਸੂਝ ਨਹੀਂ ਪੈ ਸਕਦੀ। ਜੇਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜੇ ਰਹਿੰਦੇ ਹਨ ਉਹਨਾਂ ਨੂੰ ਸੂਝ ਪੈ ਜਾਂਦੀ ਹੈ, (ਨਹੀਂ ਤਾਂ) ਮਾਇਆ ਦੇ ਮੋਹ ਵਿਚ ਫਸ ਕੇ ਸ੍ਰਿਸ਼ਟੀ ਖ਼ੁਆਰ ਹੁੰਦੀ ਰਹਿੰਦੀ ਹੈ।੧।

ਹੇ ਭਾਈ! ਇਕ ਹਰਿ-ਨਾਮ ਹੀ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਪਰ ਇਸ ਖ਼ਜ਼ਾਨੇ ਨੂੰ ਤਦੋਂ ਹੀ ਕੋਈ ਮਨੁੱਖ ਹਾਸਲ ਕਰਦਾ ਹੈ ਜਦੋਂ ਪ੍ਰਭੂ ਆਪ ਹੀ ਇਹ ਖ਼ਜ਼ਾਨਾ ਦੇਂਦਾ ਹੈ। ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਸ੍ਰਿਸ਼ਟੀ ਪਰਮਾਤਮਾ ਤੋਂ ਵਿਛੁੜੀ ਰਹਿੰਦੀ ਹੈ। ਗੁਰੂ ਦੇ ਸ਼ਬਦ ਵਿਚ ਜੋੜ ਕੇ (ਪ੍ਰਭੂ ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ।੨।

ਮਾਇਆ ਦੀ ਅਪਣੱਤ ਦੀਆਂ ਗੱਲਾਂ ਕਰ ਕਰ ਕੇ ਜੀਵ ਆਤਮਕ ਜੀਵਨ ਵਿਚ ਕਮਜ਼ੋਰ ਹੁੰਦੇ ਰਹਿੰਦੇ ਹਨ (ਆਤਮਕ ਜੀਵਨ ਦੇ ਸਰਮਾਏ ਵਿਚੋਂ) ਉਹਨਾਂ ਨੂੰ ਕੁਝ ਭੀ ਨਹੀਂ ਮਿਲਦਾ। (ਪਰ) ਜੇ ਗੁਰੂ ਮਿਲ ਪਏ ਤਾਂ ਜੀਵ ਸਦਾ-ਥਿਰ ਪ੍ਰਭੂ ਵਿਚ ਜੁੜੇ ਰਹਿੰਦੇ ਹਨ, ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦੇ ਹਨ।੩।

ਹੇ ਭਾਈ! ਮਨੁੱਖ ਦਾ ਇਹ ਸਰੀਰ ਆਸਾ ਅਤੇ ਮਨਸਾ (ਨਾਲ ਬੱਝਾ ਰਹਿੰਦਾ) ਹੈ, (ਗੁਰੂ ਇਸ ਦੇ) ਅੰਦਰ ਆਤਮਕ ਜੀਵਨ ਦੀ ਰੌਸ਼ਨੀ ਪੈਦਾ ਕਰਦਾ ਹੈ। ਹੇ ਨਾਨਕ! ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਦੇ ਰਾਹ ਵਿਚ (ਆਸਾ ਮਨਸਾ ਦੀ) ਰੋਕ ਪਈ ਰਹਿੰਦੀ ਹੈ, ਗੁਰੂ ਦੀ ਸਰਨ ਪਏ ਮਨੁੱਖ ਨੂੰ (ਪਰਮਾਤਮਾ ਇਸ ਆਸਾ ਮਨਸਾ ਤੋਂ) ਖ਼ਲਾਸੀ ਦਿਵਾ ਦੇਂਦਾ ਹੈ।੪।੩।

ਵਡਹੰਸੁ ਮਹਲਾ ੩ ॥ ਸੋਹਾਗਣੀ ਸਦਾ ਮੁਖੁ ਉਜਲਾ ਗੁਰ ਕੈ ਸਹਜਿ ਸੁਭਾਇ ॥ ਸਦਾ ਪਿਰੁ ਰਾਵਹਿ ਆਪਣਾ ਵਿਚਹੁ ਆਪੁ ਗਵਾਇ ॥੧॥ ਮੇਰੇ ਮਨ ਤੂ ਹਰਿ ਹਰਿ ਨਾਮੁ ਧਿਆਇ ॥ ਸਤਗੁਰਿ ਮੋ ਕਉ ਹਰਿ ਦੀਆ ਬੁਝਾਇ ॥੧॥ ਰਹਾਉ ॥ ਦੋਹਾਗਣੀ ਖਰੀਆ ਬਿਲਲਾਦੀਆ ਤਿਨਾ ਮਹਲੁ ਨ ਪਾਇ ॥ ਦੂਜੈ ਭਾਇ ਕਰੂਪੀ ਦੂਖੁ ਪਾਵਹਿ ਆਗੈ ਜਾਇ ॥੨॥ ਗੁਣਵੰਤੀ ਨਿਤ ਗੁਣ ਰਵੈ ਹਿਰਦੈ ਨਾਮੁ ਵਸਾਇ ॥ ਅਉਗਣਵੰਤੀ ਕਾਮਣੀ ਦੁਖੁ ਲਾਗੈ ਬਿਲਲਾਇ ॥੩॥ ਸਭਨਾ ਕਾ ਭਤਾਰੁ ਏਕੁ ਹੈ ਸੁਆਮੀ ਕਹਣਾ ਕਿਛੂ ਨ ਜਾਇ ॥ ਨਾਨਕ ਆਪੇ ਵੇਕ ਕੀਤਿਅਨੁ ਨਾਮੇ ਲਇਅਨੁ ਲਾਇ ॥੪॥੪॥ {ਪੰਨਾ 559}

ਪਦਅਰਥ: ਸੋਹਾਗਣੀ = ਸੁਹਾਗ = ਭਾਗ ਵਾਲੀਆਂ, ਪ੍ਰਭੂ = ਪਤੀ ਨੂੰ ਸਿਰ ਉਤੇ ਜੀਊਂਦਾ = ਜਾਗਦਾ ਜਾਣਨ ਵਾਲੀਆਂ। ਉਜਲਾ = ਰੋਸ਼ਨ। ਗੁਰ ਕੈ = ਗੁਰੂ ਦੇ ਸ਼ਬਦ ਦੀ ਬਰਕਤਿ ਨਾਲ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ। ਪਿਰੁ = ਖਸਮ। ਰਾਵਹਿ = ਹਿਰਦੇ ਵਿਚ ਸੰਭਾਲ ਰੱਖਦੀਆਂ ਹਨ। ਆਪੁ = ਆਪਾ = ਭਾਵ।੧।

ਸਤਗੁਰਿ = ਗੁਰੂ ਨੇ। ਮੋ ਕਉ = ਮੈਨੂੰ।੧।ਰਹਾਉ।

ਖਰੀਆ = ਬਹੁਤ। ਮਹਲੁ = ਪ੍ਰਭੂ ਦੀ ਹਜ਼ੂਰੀ। ਕਰੂਪੀ = ਕੋਝੇ (ਆਤਮਕ) ਰੂਪ ਵਾਲੀਆਂ, ਕੋਝੇ ਆਤਮਕ ਜੀਵਨ ਵਾਲੀਆਂ। ਆਗੈ = ਪਰਲੋਕ ਵਿਚ। ਜਾਇ = ਜਾ ਕੇ।੨।

ਰਵੈ = ਚੇਤੇ ਰੱਖਦੀ ਹੈ। ਵਸਾਇ = ਵਸਾ ਕੇ। ਕਾਮਣੀ = (ਜੀਵ-) ਇਸਤ੍ਰੀ।੩।

ਭਤਾਰੁ = ਖਸਮ। ਵੇਕ = ਵਖ ਵਖ ਸੁਭਾਉ ਵਾਲੇ। ਕੀਤਿਅਨੁ = ਉਸ ਨੇ ਬਣਾ ਦਿੱਤੇ ਹਨ। ਨਾਮੇ = ਨਾਮ ਵਿਚ। ਲਇਅਨੁ ਲਾਇ = ਉਸ ਨੇ ਲਾ ਲਏ ਹਨ।੪।

ਅਰਥ: ਹੇ ਮੇਰੇ ਮਨ! ਤੂੰ ਸਦਾ ਹਰਿ-ਨਾਮ ਸਿਮਰਦਾ ਰਹੁ। ਗੁਰੂ ਨੇ ਮੈਨੂੰ ਹਰਿ-ਨਾਮ (ਸਿਮਰਨ) ਦੀ ਸੂਝ ਦੇ ਦਿੱਤੀ ਹੈ।੧।ਰਹਾਉ।

ਹੇ ਭਾਈ! ਪ੍ਰਭੂ-ਪਤੀ ਨੂੰ ਸਿਰ ਉੱਤੇ ਜੀਊਂਦਾ-ਜਾਗਦਾ ਜਾਣਨ ਵਾਲੀਆਂ ਜੀਵ-ਇਸਤ੍ਰੀਆਂ ਦਾ ਮੂੰਹ ਸਦਾ ਰੌਸ਼ਨ ਰਹਿੰਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਹ ਆਤਮਕ ਅਡੋਲਤਾ ਵਿਚ ਤੇ ਪ੍ਰਭੂ-ਪ੍ਰੇਮ ਵਿਚ ਟਿਕੀਆਂ ਰਹਿੰਦੀਆਂ ਹਨ। ਉਹ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਸਦਾ ਆਪਣੇ ਪ੍ਰਭੂ-ਪਤੀ ਨੂੰ ਹਿਰਦੇ ਵਿਚ ਸੰਭਾਲ ਰੱਖਦੀਆਂ ਹਨ।੧।

ਪਰ ਛੁੱਟੜ ਜੀਵ-ਇਸਤ੍ਰੀਆਂ ਬਹੁਤ ਦੁਖੀ ਰਹਿੰਦੀਆਂ ਹਨ, ਉਹਨਾਂ ਨੂੰ ਪ੍ਰਭੂ ਦੀ ਹਜ਼ੂਰੀ ਨਸੀਬ ਨਹੀਂ ਹੁੰਦੀ। ਮਾਇਆ ਦੇ ਮੋਹ ਵਿਚ ਗ਼ਲਤਾਨ ਰਹਿਣ ਕਰ ਕੇ ਉਹ ਕੋਝੇ ਆਤਮਕ ਜੀਵਨ ਵਾਲੀਆਂ ਹੀ ਰਹਿੰਦੀਆਂ ਹਨ, ਪਰਲੋਕ ਵਿਚ ਜਾ ਕੇ ਭੀ ਉਹ ਦੁੱਖ ਹੀ ਸਹਾਰਦੀਆਂ ਹਨ।੨।

ਗੁਣਾਂ ਵਾਲੀ ਜੀਵ-ਇਸਤ੍ਰੀ ਆਪਣੇ ਹਿਰਦੇ ਵਿਚ ਪ੍ਰਭੂ-ਨਾਮ ਵਸਾ ਕੇ ਸਦਾ ਪ੍ਰਭੂ ਦੇ ਗੁਣ ਯਾਦ ਕਰਦੀ ਰਹਿੰਦੀ ਹੈ। ਪਰ ਔਗੁਣਾਂ-ਭਰੀ ਜੀਵ-ਇਸਤ੍ਰੀ ਨੂੰ ਦੁੱਖ ਚੰਬੜਿਆ ਰਹਿੰਦਾ ਹੈ ਉਹ ਸਦਾ ਵਿਲਕਦੀ ਰਹਿੰਦੀ ਹੈ।੩।

(ਪਰ ਇਹ ਇਕ ਅਚਰਜ ਖੇਡ ਹੈ) ਕੁਝ ਕਿਹਾ ਨਹੀਂ ਜਾ ਸਕਦਾ (ਕੋਈ ਸੁਹਾਗਣਾਂ ਹਨ ਕੋਈ ਦੋਹਾਗਣਾਂ ਹਨ, ਤੇ) ਸਭਨਾਂ ਦਾ ਖਸਮ ਇਕ ਪਰਮਾਤਮਾ ਮਾਲਕ ਹੀ ਹੈ। ਹੇ ਨਾਨਕ! ਪ੍ਰਭੂ ਨੇ ਆਪ ਹੀ ਜੀਵਾਂ ਨੂੰ ਵਖ ਵਖ ਸੁਭਾਵ ਵਾਲੇ ਬਣਾ ਦਿੱਤਾ ਹੈ, ਉਸ ਨੇ ਆਪ ਹੀ ਜੀਵ ਆਪਣੇ ਨਾਮ ਵਿਚ ਜੋੜੇ ਹੋਏ ਹਨ।੪।੪।

ਵਡਹੰਸੁ ਮਹਲਾ ੩ ॥ ਅੰਮ੍ਰਿਤ ਨਾਮੁ ਸਦ ਮੀਠਾ ਲਾਗਾ ਗੁਰ ਸਬਦੀ ਸਾਦੁ ਆਇਆ ॥ ਸਚੀ ਬਾਣੀ ਸਹਜਿ ਸਮਾਣੀ ਹਰਿ ਜੀਉ ਮਨਿ ਵਸਾਇਆ ॥੧॥ ਹਰਿ ਕਰਿ ਕਿਰਪਾ ਸਤਗੁਰੂ ਮਿਲਾਇਆ ॥ ਪੂਰੈ ਸਤਗੁਰਿ ਹਰਿ ਨਾਮੁ ਧਿਆਇਆ ॥੧॥ ਰਹਾਉ ॥ ਬ੍ਰਹਮੈ ਬੇਦ ਬਾਣੀ ਪਰਗਾਸੀ ਮਾਇਆ ਮੋਹ ਪਸਾਰਾ ॥ ਮਹਾਦੇਉ ਗਿਆਨੀ ਵਰਤੈ ਘਰਿ ਆਪਣੈ ਤਾਮਸੁ ਬਹੁਤੁ ਅਹੰਕਾਰਾ ॥੨॥ ਕਿਸਨੁ ਸਦਾ ਅਵਤਾਰੀ ਰੂਧਾ ਕਿਤੁ ਲਗਿ ਤਰੈ ਸੰਸਾਰਾ ॥ ਗੁਰਮੁਖਿ ਗਿਆਨਿ ਰਤੇ ਜੁਗ ਅੰਤਰਿ ਚੂਕੈ ਮੋਹ ਗੁਬਾਰਾ ॥੩॥ ਸਤਗੁਰ ਸੇਵਾ ਤੇ ਨਿਸਤਾਰਾ ਗੁਰਮੁਖਿ ਤਰੈ ਸੰਸਾਰਾ ॥ ਸਾਚੈ ਨਾਇ ਰਤੇ ਬੈਰਾਗੀ ਪਾਇਨਿ ਮੋਖ ਦੁਆਰਾ ॥੪॥ ਏਕੋ ਸਚੁ ਵਰਤੈ ਸਭ ਅੰਤਰਿ ਸਭਨਾ ਕਰੇ ਪ੍ਰਤਿਪਾਲਾ ॥ ਨਾਨਕ ਇਕਸੁ ਬਿਨੁ ਮੈ ਅਵਰੁ ਨ ਜਾਣਾ ਸਭਨਾ ਦੀਵਾਨੁ ਦਇਆਲਾ ॥੫॥੫॥ {ਪੰਨਾ 559}

ਪਦਅਰਥ: ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਸਦ = ਸਦਾ। ਸਬਦੀ = ਸ਼ਬਦੀ ਦੀ ਰਾਹੀਂ। ਸਾਦੁ = ਸੁਆਦ, ਆਨੰਦ। ਸਚੀ ਬਾਣੀ = ਸਦਾ-ਥਿਰ ਹਰੀ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ। ਸਹਜਿ = ਆਤਮਕ ਅਡੋਲਤਾ ਵਿਚ। ਮਨਿ = ਮਨ ਵਿਚ।੧।

ਕਰਿ = ਕਰ ਕੇ। ਸਤਗੁਰਿ = ਗੁਰੂ ਦੀ ਰਾਹੀਂ।੧।ਰਹਾਉ।

ਬ੍ਰਹਮੈ = ਬ੍ਰਹਮਾ ਨੇ। ਪਸਾਰਾ = ਖਿਲਾਰਾ। ਮਹਾਦੇਉ = ਸ਼ਿਵ। ਵਰਤੈ = ਮਸਤ ਰਹਿੰਦਾ ਹੈ। ਘਰਿ = ਹਿਰਦੇ = ਘਰ ਵਿਚ। ਤਾਮਸੁ = ਕ੍ਰੋਧ।੨।

ਕਿਸਨੁ = ਵਿਸ਼ਨੂ। ਰੂਧਾ = ਰੁੱਝਾ ਰਹਿੰਦਾ ਹੈ। ਕਿਤੁ ਲਗਿ = ਕਿਸ ਦੀ ਚਰਨੀਂ ਲੱਗ ਕੇ? ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲੇ ਮਨੁੱਖ। ਗਿਆਨਿ = ਗਿਆਨ ਵਿਚ, ਆਤਮਕ ਜੀਵਨ ਦੀ ਸੂਝ (ਦੇ ਆਨੰਦ) ਵਿਚ। ਜੁਗ ਅੰਤਰਿ = ਜ਼ਮਾਨੇ ਵਿਚ, ਜਗਤ ਵਿਚ। ਗੁਬਾਰਾ = ਘੁੱਪ ਹਨੇਰਾ।੩।

ਤੇ = ਤੋਂ। ਨਿਸਤਾਰਾ = ਪਾਰ = ਉਤਾਰਾ। ਸਾਚੈ ਨਾਇ = ਸਦਾ-ਥਿਰ ਪ੍ਰਭੂ ਦੇ ਨਾਮ ਵਿਚ। ਬੈਰਾਗੀ = ਮਾਇਆ ਦੇ ਮੋਹ ਤੋਂ ਨਿਰਲੇਪ। ਪਾਇਨਿ = ਪਾਂਦੇ ਹਨ। ਮੋਖ = ਮੋਹ ਤੋਂ ਖ਼ਲਾਸੀ।੪।

ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਪ੍ਰਤਿਪਾਲਾ = ਪਾਲਣਾ। ਦੀਵਾਨੁ = ਆਸਰਾ, ਹਾਕਮ ਜਿਸ ਪਾਸ ਫ਼ਰਿਆਦ ਕੀਤੀ ਜਾ ਸਕੇ। ਨ ਜਾਣਾ = ਮੈਂ ਨਹੀਂ ਜਾਣਦਾ, ਨ ਜਾਣਾਂ।੫।

ਅਰਥ: (ਹੇ ਭਾਈ!) ਪਰਮਾਤਮਾ ਨੇ ਕਿਰਪਾ ਕਰ ਕੇ (ਜਿਸ ਮਨੁੱਖ ਨੂੰ) ਗੁਰੂ ਮਿਲਾ ਦਿੱਤਾ, ਉਸ ਨੇ ਪੂਰੇ ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ।੧।ਰਹਾਉ।

(ਜਿਸ ਮਨੁੱਖ ਨੂੰ ਗੁਰੂ ਮਿਲ ਪਿਆ, ਉਸ ਨੂੰ) ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਸਦਾ ਮਿੱਠਾ ਲੱਗਣ ਲੱਗ ਪਿਆ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ ਨੂੰ ਹਰਿ-ਨਾਮ ਦਾ ਸੁਆਦ ਆਉਣ ਲੱਗ ਪਿਆ, ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ ਆਤਮਕ ਅਡੋਲਤਾ ਵਿਚ ਉਸ ਦੀ ਲੀਨਤਾ ਹੋ ਗਈ; ਉਸ ਨੇ ਪਰਮਾਤਮਾ ਨੂੰ ਆਪਣੇ ਮਨ ਵਿਚ ਪ੍ਰੋ ਲਿਆ।੧।

(ਕਹਿੰਦੇ ਹਨ ਕਿ) ਬ੍ਰਹਮਾ ਨੇ ਵੇਦਾਂ ਦੀ ਬਾਣੀ ਪਰਗਟ ਕੀਤੀ ਪਰ ਉਸ ਨੇ ਭੀ ਮਾਇਆ ਦੇ ਮੋਹ ਦਾ ਖਿਲਾਰਾ ਹੀ ਖਿਲਾਰਿਆ, (ਕਹਿੰਦੇ ਹਨ ਕਿ) ਮਹਾਦੇਉ ਆਤਮਕ ਜੀਵਨ ਦੀ ਸੂਝ ਵਾਲਾ ਹੈ, ਤੇ, ਉਹ ਆਪਣੇ ਹਿਰਦੇ-ਘਰ ਵਿਚ ਮਸਤ ਰਹਿੰਦਾ ਹੈ, (ਪਰ ਉਸ ਦੇ ਅੰਦਰ ਭੀ) ਬੜਾ ਕ੍ਰੋਧ ਤੇ ਅਹੰਕਾਰ (ਦੱਸੀਦਾ) ਹੈ।੨।

ਵਿਸ਼ਨੂ ਸਦਾ ਅਵਤਾਰ ਧਾਰਨ ਵਿਚ ਰੁੱਝਾ ਹੋਇਆ (ਦੱਸਿਆ ਜਾ ਰਿਹਾ) ਹੈ। (ਦੱਸੋ) ਜਗਤ ਕਿਸ ਦੇ ਚਰਨੀਂ ਲੱਗ ਕੇ ਸੰਸਾਰ-ਸਾਗਰ ਤੋਂ ਪਾਰ ਲੰਘੇ? (ਹਾਂ) ਜੇਹੜੇ ਮਨੁੱਖ ਜਗਤ ਵਿਚ ਗੁਰੂ ਦੀ ਸਰਨ ਪੈ ਕੇ (ਗੁਰੂ ਤੋਂ ਮਿਲੇ ਆਤਮ) ਗਿਆਨ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦੇ ਅੰਦਰੋਂ ਮੋਹ ਦਾ ਘੁੱਪ ਹਨੇਰਾ ਦੂਰ ਹੋ ਜਾਂਦਾ ਹੈ।੩।

ਹੇ ਭਾਈ! ਗੁਰੂ ਦੀ ਦੱਸੀ ਸੇਵਾ-ਭਗਤੀ ਦੀ ਬਰਕਤਿ ਨਾਲ ਹੀ ਪਾਰ-ਉਤਾਰਾ ਹੁੰਦਾ ਹੈ, ਗੁਰੂ ਦੀ ਸਰਨ ਪੈ ਕੇ ਹੀ ਜਗਤ ਸੰਸਾਰ-ਸਮੁੰਦਰ ਤੋਂ ਪਾਰ ਲੰਘਦਾ ਹੈ। (ਗੁਰੂ ਦੀ ਰਾਹੀਂ) ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਰੰਗੇ ਹੋਏ ਮਨੁੱਖ ਮਾਇਆ ਦੇ ਮੋਹ ਤੋਂ ਨਿਰਲੇਪ ਹੋ ਜਾਂਦੇ ਹਨ, ਤੇ, ਮਾਇਆ ਦੇ ਮੋਹ ਤੋਂ ਖ਼ਲਾਸੀ ਦਾ ਦਰਵਾਜ਼ਾ ਲੱਭ ਲੈਂਦੇ ਹਨ।੪।

(ਹੇ ਭਾਈ! ਗੁਰੂ ਦੀ ਸਰਨ ਪਿਆਂ ਇਹ ਸਮਝ ਆ ਜਾਂਦੀ ਹੈ ਕਿ) ਸਾਰੀ ਸ੍ਰਿਸ਼ਟੀ ਵਿਚ ਇਕ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਵੱਸਦਾ ਹੈ, ਸਭ ਜੀਵਾਂ ਦੀ ਪਾਲਣਾ ਕਰਦਾ ਹੈ। ਹੇ ਨਾਨਕ! ਆਖ-) ਇੱਕ ਪਰਮਾਤਮਾ ਤੋਂ ਬਿਨਾ ਮੈਂ ਕਿਸੇ ਹੋਰ ਨੂੰ (ਉਸ ਵਰਗਾ) ਨਹੀਂ ਜਾਣਦਾ, ਉਹੀ ਦਇਆ ਦਾ ਘਰ ਪ੍ਰਭੂ ਸਭ ਜੀਵਾਂ ਦਾ ਆਸਰਾ-ਪਰਨਾ ਹੈ।੫।੫।

ਵਡਹੰਸੁ ਮਹਲਾ ੩ ॥ ਗੁਰਮੁਖਿ ਸਚੁ ਸੰਜਮੁ ਤਤੁ ਗਿਆਨੁ ॥ ਗੁਰਮੁਖਿ ਸਾਚੇ ਲਗੈ ਧਿਆਨੁ ॥੧॥ ਗੁਰਮੁਖਿ ਮਨ ਮੇਰੇ ਨਾਮੁ ਸਮਾਲਿ ॥ ਸਦਾ ਨਿਬਹੈ ਚਲੈ ਤੇਰੈ ਨਾਲਿ ॥ ਰਹਾਉ ॥ ਗੁਰਮੁਖਿ ਜਾਤਿ ਪਤਿ ਸਚੁ ਸੋਇ ॥ ਗੁਰਮੁਖਿ ਅੰਤਰਿ ਸਖਾਈ ਪ੍ਰਭੁ ਹੋਇ ॥੨॥ ਗੁਰਮੁਖਿ ਜਿਸ ਨੋ ਆਪਿ ਕਰੇ ਸੋ ਹੋਇ ॥ ਗੁਰਮੁਖਿ ਆਪਿ ਵਡਾਈ ਦੇਵੈ ਸੋਇ ॥੩॥ ਗੁਰਮੁਖਿ ਸਬਦੁ ਸਚੁ ਕਰਣੀ ਸਾਰੁ ॥ ਗੁਰਮੁਖਿ ਨਾਨਕ ਪਰਵਾਰੈ ਸਾਧਾਰੁ ॥੪॥੬॥ {ਪੰਨਾ 559-560}

ਪਦਅਰਥ: ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸਚੁ = ਸਦਾ-ਥਿਰ ਪ੍ਰਭੂ (ਦਾ ਨਾਮ ਸਿਮਰਨਾ) ਸੰਜਮੁ = ਇੰਦ੍ਰਿਆਂ ਨੂੰ ਵੱਸ ਕਰਨ ਦਾ ਜਤਨ। ਤਤੁ = ਅਸਲ। ਸਾਚੇ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ।੧।

ਮਨ = ਹੇ ਮਨ! ਸਮਾਲਿ = ਸਾਂਭ, ਯਾਦ ਕਰਦਾ ਰਹੁ।ਰਹਾਉ।

ਜਾਤਿ ਪਤਿ = ਜਾਤਿ ਪਾਤਿ, ਉੱਚੀ ਕੁਲ। ਸਖਾਈ = ਮਿੱਤਰ, ਸਾਥੀ।੨।

ਜਿਸ ਨੋ = {ਲਫ਼ਜ਼ 'ਜਿਸ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ}ਵਡਾਈ = ਇੱਜ਼ਤ।੩।

ਕਰਣੀ = ਕਰਤੱਬ, ਜੀਵਨ = ਮਨੋਰਥ। ਪਰਵਾਰੈ = ਪਰਵਾਰ ਵਾਸਤੇ। ਸਾਧਾਰੁ = ਸੁ = ਆਧਾਰੁ, ਆਧਾਰ ਸਹਿਤ, ਆਸਰਾ ਦੇਣ = ਜੋਗ।੪।

ਅਰਥ: ਹੇ ਮਨ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਯਾਦ ਕਰਦਾ ਰਹੁ। ਇਹ ਨਾਮ ਹੀ ਤੇਰੇ ਨਾਲ ਜਾਣ ਵਾਲਾ ਹੈ ਸਾਥ ਨਿਬਾਹੁਣ ਵਾਲਾ ਹੈ।ਰਹਾਉ।

ਹੇ ਭਾਈ! ਗੁਰੂ ਦੀ ਸਰਨ ਪੈ ਕੇ ਸਦਾ-ਥਿਰ ਪ੍ਰਭੂ ਦਾ ਨਾਮ-ਸਿਮਰਨ ਹੀ ਇੰਦ੍ਰਿਆਂ ਨੂੰ ਵੱਸ ਕਰਨ ਦਾ ਸਹੀ ਜਤਨ ਹੈ, ਤੇ, ਆਤਮਕ ਜੀਵਨ ਦੀ ਸੂਝ ਦਾ ਮੂਲ ਹੈ। ਗੁਰੂ ਦੀ ਸਰਨ ਪਿਆਂ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਸੁਰਤਿ ਜੁੜੀ ਰਹਿੰਦੀ ਹੈ।੧।

ਹੇ ਭਾਈ! ਗੁਰੂ ਦੀ ਸਰਨ ਪੈ ਕੇ ਉਸ ਸਦਾ-ਥਿਰ ਹਰੀ ਦਾ ਨਾਮ-ਸਿਮਰਨ ਉੱਚੀ ਜਾਤਿ ਤੇ ਉੱਚੀ ਕੁਲ (ਦਾ ਮੂਲ) ਹੈ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਅੰਦਰ ਪਰਮਾਤਮਾ ਆ ਵੱਸਦਾ ਹੈ, ਤੇ, ਉਸ ਦਾ (ਸਦਾ ਦਾ) ਸਾਥੀ ਬਣ ਜਾਂਦਾ ਹੈ।੨।

ਪਰ ਉਹੀ ਮਨੁੱਖ ਗੁਰੂ ਦੇ ਸਨਮੁਖ ਹੋ ਸਕਦਾ ਹੈ ਜਿਸ ਨੂੰ ਪਰਮਾਤਮਾ ਆਪ (ਇਸ ਜੋਗ) ਬਣਾਂਦਾ ਹੈ, ਉਹ ਪਰਮਾਤਮਾ ਆਪ ਮਨੁੱਖ ਨੂੰ ਗੁਰੂ ਦੇ ਸਨਮੁਖ ਕਰ ਕੇ ਇੱਜ਼ਤ ਬਖ਼ਸ਼ਦਾ ਹੈ।੩।

ਹੇ ਭਾਈ! ਗੁਰੂ ਦੀ ਸਰਨ ਪੈ ਕੇ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ (ਹਿਰਦੇ ਵਿਚ) ਸੰਭਾਲ, ਇਹੀ ਕਰਨ-ਜੋਗ ਕੰਮ ਹੈ। ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਪਣੇ ਪਰਵਾਰ ਵਾਸਤੇ ਭੀ ਆਸਰਾ ਦੇਣ ਜੋਗਾ ਹੋ ਜਾਂਦਾ ਹੈ।੪।੬।

TOP OF PAGE

Sri Guru Granth Darpan, by Professor Sahib Singh