ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 556

ਸਲੋਕ ਮਃ ੩ ॥ ਹਉਮੈ ਵਿਚਿ ਜਗਤੁ ਮੁਆ ਮਰਦੋ ਮਰਦਾ ਜਾਇ ॥ ਜਿਚਰੁ ਵਿਚਿ ਦੰਮੁ ਹੈ ਤਿਚਰੁ ਨ ਚੇਤਈ ਕਿ ਕਰੇਗੁ ਅਗੈ ਜਾਇ ॥ ਗਿਆਨੀ ਹੋਇ ਸੁ ਚੇਤੰਨੁ ਹੋਇ ਅਗਿਆਨੀ ਅੰਧੁ ਕਮਾਇ ॥ ਨਾਨਕ ਏਥੈ ਕਮਾਵੈ ਸੋ ਮਿਲੈ ਅਗੈ ਪਾਏ ਜਾਇ ॥੧॥ {ਪੰਨਾ 556}

ਪਦਅਰਥ: ਕਰੇਗੁ = ਕਰੇਗਾ। ਗਿਆਨੀ = ਸਮਝਦਾਰ। ਅਗਿਆਨੀ = ਮੂਰਖ। ਅੰਧੁ = ਅੰਨਿ੍ਹਆਂ ਵਾਲਾ ਕੰਮ।

ਅਰਥ: ਸੰਸਾਰ ਹਉਮੈ ਵਿਚ ਮੁਇਆ ਪਿਆ ਹੈ, ਨਿੱਤ (ਹਿਠਾਂ ਹਿਠਾਂ) ਪਿਆ ਗਰਕਦਾ ਹੀ ਹੈ; ਜਦ ਤਾਈਂ ਸਰੀਰ ਵਿਚ ਦਮ ਹੈ, ਪ੍ਰਭੂ ਨੂੰ ਯਾਦ ਨਹੀਂ ਕਰਦਾ; (ਸੰਸਾਰੀ ਜੀਵ ਹਉਮੈ ਵਿਚ ਰਹਿ ਕੇ ਕਦੇ ਨਹੀਂ ਸੋਚਦਾ ਕਿ) ਅਗਾਂਹ ਦਰਗਾਹ ਵਿਚ ਜਾ ਕੇ ਕੀਹ ਹਾਲ ਹੋਵੇਗਾ।

ਜੋ ਮਨੁੱਖ ਗਿਆਨਵਾਨ ਹੁੰਦਾ ਹੈ, ਉਹ ਸੁਚੇਤ ਰਹਿੰਦਾ ਹੈ ਤੇ ਅਗਿਆਨੀ ਮਨੁੱਖ ਅਗਿਆਨਤਾ ਦਾ ਕੰਮ ਹੀ ਕਰਦਾ ਹੈ; ਹੇ ਨਾਨਕ! ਮਨੁੱਖਾ ਜਨਮ ਵਿਚ ਜੋ ਕੁਝ ਮਨੁੱਖ ਕਮਾਈ ਕਰਦਾ ਹੈ, ਉਹੋ ਮਿਲਦੀ ਹੈ, ਪਰਲੋਕ ਵਿਚ ਭੀ ਜਾ ਕੇ ਉਹੋ ਮਿਲਦੀ ਹੈ।੧।

ਮਃ ੩ ॥ ਧੁਰਿ ਖਸਮੈ ਕਾ ਹੁਕਮੁ ਪਇਆ ਵਿਣੁ ਸਤਿਗੁਰ ਚੇਤਿਆ ਨ ਜਾਇ ॥ ਸਤਿਗੁਰਿ ਮਿਲਿਐ ਅੰਤਰਿ ਰਵਿ ਰਹਿਆ ਸਦਾ ਰਹਿਆ ਲਿਵ ਲਾਇ ॥ ਦਮਿ ਦਮਿ ਸਦਾ ਸਮਾਲਦਾ ਦੰਮੁ ਨ ਬਿਰਥਾ ਜਾਇ ॥ ਜਨਮ ਮਰਨ ਕਾ ਭਉ ਗਇਆ ਜੀਵਨ ਪਦਵੀ ਪਾਇ ॥ ਨਾਨਕ ਇਹੁ ਮਰਤਬਾ ਤਿਸ ਨੋ ਦੇਇ ਜਿਸ ਨੋ ਕਿਰਪਾ ਕਰੇ ਰਜਾਇ ॥੨॥ {ਪੰਨਾ 556}

ਪਦਅਰਥ: ਦੰਮੁ = ਸੁਆਸ। ਬਿਰਥਾ = ਖ਼ਾਲੀ। ਪਦਵੀ = ਦਰਜਾ, ਮਰਤਬਾ।

ਅਰਥ: ਧੁਰੋਂ ਹੀ ਪ੍ਰਭੂ ਦਾ ਹੁਕਮ ਚਲਿਆ ਆਉਂਦਾ ਹੈ ਕਿ ਸਤਿਗੁਰੂ ਤੋਂ ਬਿਨਾਂ ਪ੍ਰਭੂ ਸਿਮਰਿਆ ਨਹੀਂ ਜਾ ਸਕਦਾ; ਸਤਿਗੁਰੂ ਦੇ ਮਿਲਿਆਂ ਪ੍ਰਭੂ ਮਨੁੱਖ ਦੇ ਹਿਰਦੇ ਵਿਚ ਵੱਸ ਪੈਂਦਾ ਹੈ ਤੇ ਮਨੁੱਖ ਸਦਾ ਉਸ ਵਿਚ ਬਿਰਤੀ ਜੋੜੀ ਰੱਖਦਾ ਹੈ; ਸੁਆਸ ਸੁਆਸ ਉਸ ਨੂੰ ਚੇਤਦਾ ਹੈ, ਇੱਕ ਭੀ ਸੁਆਸ ਖ਼ਾਲੀ ਨਹੀਂ ਜਾਂਦਾ; (ਇਸ ਤਰ੍ਹਾਂ ਉਸ ਦਾ) ਜੰਮਣ ਮਰਨ ਦਾ ਡਰ ਮੁੱਕ ਜਾਂਦਾ ਹੈ ਤੇ ਉਸ ਨੂੰ (ਅਸਲ ਮਨੁੱਖਾ) ਜੀਵਨ ਦਾ ਮਰਤਬਾ ਮਿਲ ਜਾਂਦਾ ਹੈ।

ਹੇ ਨਾਨਕ! ਪ੍ਰਭੂ ਇਹ ਦਰਜਾ (ਭਾਵ, ਜੀਵਨ-ਪਦਵੀ) ਉਸ ਮਨੁੱਖ ਨੂੰ ਦੇਂਦਾ ਹੈ ਜਿਸ ਤੇ ਆਪਣੀ ਰਜ਼ਾ ਵਿਚ ਮੇਹਰ ਕਰਦਾ ਹੈ।੨।

ਪਉੜੀ ॥ ਆਪੇ ਦਾਨਾਂ ਬੀਨਿਆ ਆਪੇ ਪਰਧਾਨਾਂ ॥ ਆਪੇ ਰੂਪ ਦਿਖਾਲਦਾ ਆਪੇ ਲਾਇ ਧਿਆਨਾਂ ॥ ਆਪੇ ਮੋਨੀ ਵਰਤਦਾ ਆਪੇ ਕਥੈ ਗਿਆਨਾਂ ॥ ਕਉੜਾ ਕਿਸੈ ਨ ਲਗਈ ਸਭਨਾ ਹੀ ਭਾਨਾ ॥ ਉਸਤਤਿ ਬਰਨਿ ਨ ਸਕੀਐ ਸਦ ਸਦ ਕੁਰਬਾਨਾ ॥੧੯॥ {ਪੰਨਾ 556}

ਅਰਥ: ਪ੍ਰਭੂ ਆਪ ਹੀ ਸਿਆਣਾ ਹੈ, ਆਪ ਹੀ ਚਤੁਰ ਹੈ ਤੇ ਆਪ ਹੀ ਆਗੂ ਹੈ, ਆਪ ਹੀ (ਆਪਣੇ) ਰੂਪ ਵਿਖਾਲਦਾ ਹੈ ਤੇ ਆਪ ਹੀ ਬਿਰਤੀ ਜੋੜਦਾ ਹੈ, ਆਪ ਹੀ ਮੋਨਧਾਰੀ ਹੈ ਤੇ ਆਪ ਹੀ ਗਿਆਨ ਦੀਆਂ ਗੱਲਾਂ ਕਰਨ ਵਾਲਾ ਹੈ, ਕਿਸੇ ਨੂੰ ਕੌੜਾ ਨਹੀਂ ਲੱਗਦਾ (ਕਿਸੇ ਨੂੰ ਕਿਸੇ ਰੰਗ ਵਿਚ, ਕਿਸੇ ਨੂੰ ਕਿਸੇ ਰੰਗ ਵਿਚ) ਸਭਨਾਂ ਨੂੰ ਪਿਆਰਾ ਲੱਗਦਾ ਹੈ। ਐਸੇ ਪ੍ਰਭੂ ਤੋਂ ਮੈਂ ਸਦਕੇ ਹਾਂ, ਉਸ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ।੧੯।

ਸਲੋਕ ਮਃ ੧ ॥ ਕਲੀ ਅੰਦਰਿ ਨਾਨਕਾ ਜਿੰਨਾਂ ਦਾ ਅਉਤਾਰੁ ॥ ਪੁਤੁ ਜਿਨੂਰਾ ਧੀਅ ਜਿੰਨੂਰੀ ਜੋਰੂ ਜਿੰਨਾ ਦਾ ਸਿਕਦਾਰੁ ॥੧॥ {ਪੰਨਾ 556}

ਪਦਅਰਥ: ਜਿੰਨ = ਭੂਤ। ਅਉਤਾਰੁ = ਜਨਮ। ਜਿਨੂਰਾ = ਛੋਟਾ ਜਿੰਨ, ਭੂਤਨਾ। ਜਿੰਨੂਰੀ = ਭੂਤਨੀ।

ਅਰਥ: ਹੇ ਨਾਨਕ! ਕਲਜੁਗ ਵਿਚ (ਵਿਕਾਰੀ ਜੀਵਨ ਵਿਚ) ਰਹਿਣ ਵਾਲੇ (ਮਨੁੱਖ ਨਹੀਂ) ਭੂਤਨੇ ਜੰਮੇ ਹੋਏ ਹਨ, ਪੁਤ੍ਰ ਭੂਤਨਾ, ਧੀ ਭੂਤਨੀ ਤੇ ਇਸਤ੍ਰੀ (ਸਾਰੇ) ਭੂਤਨਿਆਂ ਦੀ ਸਿਰਦਾਰ ਹੈ (ਭਾਵ; ਨਾਮ ਤੋਂ ਸੱਖਣੇ ਸਭ ਜੀਵ ਭੂਤਨੇ ਹਨ) ੧।

ਮਃ ੧ ॥ ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ ॥ ਨਾਰਦਿ ਕਹਿਆ ਸਿ ਪੂਜ ਕਰਾਂਹੀ ॥ ਅੰਧੇ ਗੁੰਗੇ ਅੰਧ ਅੰਧਾਰੁ ॥ ਪਾਥਰੁ ਲੇ ਪੂਜਹਿ ਮੁਗਧ ਗਵਾਰ ॥ ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੁ ॥੨॥ {ਪੰਨਾ 556}

ਪਦਅਰਥ: ਮੂਲੇ = ਉੱਕਾ ਹੀ। ਅਖੁਟੀ ਜਾਂਹੀ = ਖੁੰਝੇ ਜਾ ਰਹੇ ਹਨ। ਨਾਰਦਿ = ਨਾਰਦ ਨੇ। ਗਵਾਰ = ਉਜੱਡ। ਓਹਿ = ਉਹ ਪੱਥਰ। ਕਹਾ = ਕਿਵੇਂ।

ਅਰਥ: ਹਿੰਦੂ ਉੱਕਾ ਹੀ ਭੁੱਲੇ ਹੋਏ ਖੁੰਝੇ ਜਾ ਰਹੇ ਹਨ, ਜੋ ਨਾਰਦ ਨੇ ਆਖਿਆ ਉਹੀ ਪੂਜਾ ਕਰਦੇ ਹਨ, ਇਹਨਾਂ ਅੰਨਿ੍ਹਆਂ ਗੁੰਗਿਆਂ ਵਾਸਤੇ ਹਨੇਰਾ ਘੁਪ ਬਣਿਆ ਪਿਆ ਹੈ (ਭਾਵ, ਨਾਹ ਇਹ ਸਹੀ ਰਸਤਾ ਵੇਖ ਰਹੇ ਹਨ ਤੇ ਨਾਹ ਮੂੰਹੋਂ ਪ੍ਰਭੂ ਦੇ ਗੁਣ ਗਾਉਂਦੇ ਹਨ) , ਇਹ ਮੂਰਖ ਗਵਾਰ ਪੱਥਰ ਲੈ ਕੇ ਪੂਜ ਰਹੇ ਹਨ।

(ਹੇ ਭਾਈ! ਜਿਨ੍ਹਾਂ ਪੱਥਰਾਂ ਨੂੰ ਪੂਜਦੇ ਹਉ) ਜਦੋਂ ਉਹ ਆਪ (ਪਾਣੀ ਵਿਚ) ਡੁੱਬ ਜਾਂਦੇ ਹਨ (ਤਾਂ ਉਹਨਾਂ ਨੂੰ ਪੂਜ ਕੇ) ਤੁਸੀ (ਸੰਸਾਰ-ਸਮੁੰਦਰ ਤੋਂ) ਕਿਵੇਂ ਤਰ ਸਕਦੇ ਹਉ?

ਪਉੜੀ ॥ ਸਭੁ ਕਿਹੁ ਤੇਰੈ ਵਸਿ ਹੈ ਤੂ ਸਚਾ ਸਾਹੁ ॥ ਭਗਤ ਰਤੇ ਰੰਗਿ ਏਕ ਕੈ ਪੂਰਾ ਵੇਸਾਹੁ ॥ ਅੰਮ੍ਰਿਤੁ ਭੋਜਨੁ ਨਾਮੁ ਹਰਿ ਰਜਿ ਰਜਿ ਜਨ ਖਾਹੁ ॥ ਸਭਿ ਪਦਾਰਥ ਪਾਈਅਨਿ ਸਿਮਰਣੁ ਸਚੁ ਲਾਹੁ ॥ ਸੰਤ ਪਿਆਰੇ ਪਾਰਬ੍ਰਹਮ ਨਾਨਕ ਹਰਿ ਅਗਮ ਅਗਾਹੁ ॥੨੦॥ {ਪੰਨਾ 556}

ਪਦਅਰਥ: ਸਭੁ ਕਿਹੁ = ਸਭ ਕੁਝ। ਸਚਾ = ਸਦਾ ਰਹਿਣ ਵਾਲਾ। ਰੰਗਿ = ਰੰਗ ਵਿਚ। ਵੇਸਾਹੁ = ਭਰੋਸਾ। ਪਾਈਅਨਿ = ਮਿਲਦੇ ਹਨ। ਲਾਹੁ = ਲਾਭ।

ਅਰਥ: ਹੇ ਪ੍ਰਭੂ! ਤੂੰ ਸੱਚਾ ਸ਼ਾਹ ਹੈਂ ਤੇ ਸਭ ਕੁਝ ਤੇਰੇ ਅਖ਼ਤਿਆਰ ਵਿਚ ਹੈ। ਭਜਨ ਕਰਨ ਵਾਲੇ ਦਾਸ ਇਕ ਹਰੀ ਦੇ (ਨਾਮ ਦੇ) ਰੰਗ ਵਿਚ ਰੰਗੇ ਹੋਏ ਹਨ ਤੇ ਉਸ ਤੇ ਉਹਨਾਂ ਨੂੰ ਪੂਰਾ ਭਰੋਸਾ ਹੈ, ਉਹ ਦਾਸ ਪ੍ਰਭੂ ਦਾ ਨਾਮ (ਰੂਪ) ਅਮਰ ਕਰਨ ਵਾਲਾ ਭੋਜਨ ਰੱਜ ਰੱਜ ਕੇ ਖਾਂਦੇ ਹਨ, ਸਾਰੇ ਪਦਾਰਥ ਉਹਨਾਂ ਨੂੰ ਮਿਲਦੇ ਹਨ, ਉਹ ਨਾਮ ਸਿਮਰਨ (ਰੂਪ) ਸੱਚਾ ਲਾਹਾ ਖੱਟਦੇ ਹਨ।

ਹੇ ਨਾਨਕ! ਮੁਕਦੀ ਗੱਲ ਇਹ ਹੈ, ਕਿ) ਜੋ ਪਾਰਬ੍ਰਹਮ ਪਹੁੰਚ ਤੋਂ ਪਰੇ ਤੇ ਅਗਾਧ ਹੈ, ਭਜਨ ਕਰਨ ਵਾਲੇ ਦਾਸ ਉਸ ਦੇ ਪਿਆਰੇ ਹਨ।੨੦।

ਸਲੋਕ ਮਃ ੩ ॥ ਸਭੁ ਕਿਛੁ ਹੁਕਮੇ ਆਵਦਾ ਸਭੁ ਕਿਛੁ ਹੁਕਮੇ ਜਾਇ ॥ ਜੇ ਕੋ ਮੂਰਖੁ ਆਪਹੁ ਜਾਣੈ ਅੰਧਾ ਅੰਧੁ ਕਮਾਇ ॥ ਨਾਨਕ ਹੁਕਮੁ ਕੋ ਗੁਰਮੁਖਿ ਬੁਝੈ ਜਿਸ ਨੋ ਕਿਰਪਾ ਕਰੇ ਰਜਾਇ ॥੧॥ {ਪੰਨਾ 556}

ਅਰਥ: ਹਰੇਕ ਚੀਜ਼ ਹੁਕਮ ਵਿਚ ਹੀ ਆਉਂਦੀ ਹੈ ਤੇ ਹੁਕਮ ਵਿਚ ਹੀ ਚਲੀ ਜਾਂਦੀ ਹੈ, ਜੇ ਕੋਈ ਮੂਰਖ ਆਪਣੇ ਆਪ ਨੂੰ (ਕੁਝ ਵੱਡਾ) ਸਮਝ ਲੈਂਦਾ ਹੈ, ਉਹ ਅੰਨ੍ਹਾ ਅੰਨਿ੍ਹਆਂ ਵਾਲਾ ਕੰਮ ਕਰਦਾ ਹੈ। ਹੇ ਨਾਨਕ! ਜਿਸ ਮਨੁੱਖ ਤੇ ਆਪਣੀ ਰਜ਼ਾ ਵਿਚ ਪ੍ਰਭੂ ਕਿਰਪਾ ਕਰਦਾ ਹੈ, ਉਹ ਕੋਈ ਵਿਰਲਾ ਗੁਰਮੁਖ ਹੁਕਮ ਦੀ ਪਛਾਣ ਕਰਦਾ ਹੈ।੧।

ਮਃ ੩ ॥ ਸੋ ਜੋਗੀ ਜੁਗਤਿ ਸੋ ਪਾਏ ਜਿਸ ਨੋ ਗੁਰਮੁਖਿ ਨਾਮੁ ਪਰਾਪਤਿ ਹੋਇ ॥ ਤਿਸੁ ਜੋਗੀ ਕੀ ਨਗਰੀ ਸਭੁ ਕੋ ਵਸੈ ਭੇਖੀ ਜੋਗੁ ਨ ਹੋਇ ॥ ਨਾਨਕ ਐਸਾ ਵਿਰਲਾ ਕੋ ਜੋਗੀ ਜਿਸੁ ਘਟਿ ਪਰਗਟੁ ਹੋਇ ॥੨॥ {ਪੰਨਾ 556}

ਅਰਥ: ਜਿਸ ਮਨੁੱਖ ਨੂੰ ਸਤਿਗੁਰੂ ਦੇ ਸਨਮੁਖ ਹੋ ਕੇ ਨਾਮ ਦੀ ਪ੍ਰਾਪਤੀ ਹੁੰਦੀ ਹੈ, ਉਹ ਸੱਚਾ ਜੋਗੀ ਹੈ, ਤੇ (ਜੋਗ ਦੀ ਜਾਚ ਉਸ ਨੂੰ ਆਈ ਹੈ, ਉਸ ਜੋਗੀ ਦੇ ਸਰੀਰ (ਰੂਪ) ਨਗਰ ਵਿਚ ਹਰੇਕ (ਗੁਣ) ਵੱਸਦਾ ਹੈ, (ਨਿਰੇ) ਭੇਖ ਨਾਲ (ਰੱਬ ਨਾਲ) ਮੇਲ ਨਹੀਂ ਹੁੰਦਾ। ਹੇ ਨਾਨਕ! ਜਿਸ ਦੇ ਹਿਰਦੇ ਵਿਚ ਪ੍ਰਭੂ ਪ੍ਰਤੱਖ ਹੋ ਜਾਂਦਾ ਹੈ, ਇਹੋ ਜਿਹਾ ਕੋਈ ਵਿਰਲਾ ਜੋਗੀ ਹੁੰਦਾ ਹੈ।੨।

ਪਉੜੀ ॥ ਆਪੇ ਜੰਤ ਉਪਾਇਅਨੁ ਆਪੇ ਆਧਾਰੁ ॥ ਆਪੇ ਸੂਖਮੁ ਭਾਲੀਐ ਆਪੇ ਪਾਸਾਰੁ ॥ ਆਪਿ ਇਕਾਤੀ ਹੋਇ ਰਹੈ ਆਪੇ ਵਡ ਪਰਵਾਰੁ ॥ ਨਾਨਕੁ ਮੰਗੈ ਦਾਨੁ ਹਰਿ ਸੰਤਾ ਰੇਨਾਰੁ ॥ ਹੋਰੁ ਦਾਤਾਰੁ ਨ ਸੁਝਈ ਤੂ ਦੇਵਣਹਾਰੁ ॥੨੧॥੧॥ ਸੁਧੁ ॥ {ਪੰਨਾ 556}

ਪਦਅਰਥ: ਜੰਤੁ = ਸਾਰੇ ਜੀਵ। ਉਪਾਇਅਨੁ = ਉਸ ਨੇ ਉਪਾਏ ਹਨ। ਆਧਾਰੁ = ਆਸਰਾ। ਸੂਖਮੁ = ਨਾ ਦਿੱਸਣ ਵਾਲਾ। ਰੈਨਾਰੁ = (ਚਰਨਾਂ ਦੀ) ਧੂੜ।

ਅਰਥ: ਉਸ ਨੇ ਆਪ ਹੀ ਜੀਵਾਂ ਨੂੰ ਪੈਦਾ ਕੀਤਾ ਹੈ ਤੇ ਆਪ ਹੀ (ਉਹਨਾਂ ਦਾ) ਆਸਰਾ (ਬਣਦਾ) ਹੈ, ਆਪ ਹੀ ਹਰੀ ਸੂਖਮ ਰੂਪ ਵੇਖੀਦਾ ਹੈ ਤੇ ਆਪ ਹੀ (ਸੰਸਾਰ ਦਾ) ਪਰਪੰਚ (ਰੂਪ) ਹੈ; ਆਪ ਹੀ ਇਕੱਲਾ ਹੋ ਕੇ ਰਹਿੰਦਾ ਹੈ ਤੇ ਆਪ ਹੀ ਵੱਡੇ ਪਰਵਾਰ ਵਾਲਾ ਹੈ।

ਹੇ ਹਰੀ! ਨਾਨਕ ਤੇਰੇ ਸੰਤਾਂ ਦੀ ਚਰਨ-ਧੂੜ (ਰੂਪ) ਦਾਨ ਮੰਗਦਾ ਹੈ, ਤੂੰ ਹੀ ਦੇਣ ਵਾਲਾ ਹੈਂ, ਕੋਈ ਹੋਰ ਦਾਤਾ ਮੈਨੂੰ ਦਿੱਸ ਨਹੀਂ ਆਉਂਦਾ।੨੧।੧।ਸੁਧੁ।

TOP OF PAGE

Sri Guru Granth Darpan, by Professor Sahib Singh