ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 528

ਦੇਵਗੰਧਾਰੀ ॥ ਹਰਿ ਗੁਣ ਗਾਵੈ ਹਉ ਤਿਸੁ ਬਲਿਹਾਰੀ ॥ ਦੇਖਿ ਦੇਖਿ ਜੀਵਾ ਸਾਧ ਗੁਰ ਦਰਸਨੁ ਜਿਸੁ ਹਿਰਦੈ ਨਾਮੁ ਮੁਰਾਰੀ ॥੧॥ ਰਹਾਉ ॥ ਤੁਮ ਪਵਿਤ੍ਰ ਪਾਵਨ ਪੁਰਖ ਪ੍ਰਭ ਸੁਆਮੀ ਹਮ ਕਿਉ ਕਰਿ ਮਿਲਹ ਜੂਠਾਰੀ ॥ ਹਮਰੈ ਜੀਇ ਹੋਰੁ ਮੁਖਿ ਹੋਰੁ ਹੋਤ ਹੈ ਹਮ ਕਰਮਹੀਣ ਕੂੜਿਆਰੀ ॥੧॥ ਹਮਰੀ ਮੁਦ੍ਰ ਨਾਮੁ ਹਰਿ ਸੁਆਮੀ ਰਿਦ ਅੰਤਰਿ ਦੁਸਟ ਦੁਸਟਾਰੀ ॥ ਜਿਉ ਭਾਵੈ ਤਿਉ ਰਾਖਹੁ ਸੁਆਮੀ ਜਨ ਨਾਨਕ ਸਰਣਿ ਤੁਮ੍ਹ੍ਹਾਰੀ ॥੨॥੫॥ {ਪੰਨਾ 528}

ਪਦਅਰਥ: ਹਉ = ਮੈਂ। ਦੇਖਿ = ਵੇਖ ਕੇ। ਜੀਵਾ = ਜੀਵਾਂ, ਮੈਂ ਜੀਊਂਦਾ ਹਾਂ, ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ। ਜਿਸੁ ਹਿਰਦੈ = ਜਿਸ ਦੇ ਹਿਰਦੇ ਵਿਚ। ਨਾਮੁ ਮੁਰਾਰੀ = ਮੁਰਾਰੀ ਦਾ ਨਾਮ {ਮੁਰ = ਅਰਿ, ਮੁਰ = ਦੈਂਤ ਦਾ ਵੈਰੀ, ਪਰਮਾਤਮਾ}੧।ਰਹਾਉ।

ਪਾਵਨ = ਪਵਿਤ੍ਰ। ਪੁਰਖ = ਸਰਬ = ਵਿਆਪਕ। ਕਿਉ ਕਰਿ = ਕਿਵੇਂ? ਮਿਲਹ = ਅਸੀ ਮਿਲੀਏ। ਜੂਠਾਰੀ = ਮਲੀਨ। ਜੀਇ = ਜੀ ਵਿਚ {ਲਫ਼ਜ਼ 'ਜੀਉਂ' ਤੋਂ ਅਧਿਕਰਣ ਕਾਰਣ, ਇਕ-ਵਚਨ}ਮੁਖਿ = ਮੂੰਹ ਵਿਚ। ਕਰਮਹੀਣ = ਬਦ = ਕਿਸਮਤ। ਕੂੜਿਆਰੀ = ਕੂੜ ਦੇ ਵਣਜਾਰੇ।੧।

ਮੁਦ੍ਰ = ਮੁਹਰ, ਚਿੰਨ੍ਹ, ਨਿਸ਼ਾਨ, ਭੇਖ, ਵਿਖਾਵਾ। ਰਿਦ = ਹਿਰਦਾ। ਦੁਸਟ = ਭੈੜ, ਮੰਦੇ ਖ਼ਿਆਲ।੨।

ਅਰਥ: ਮੈਂ ਉਸ (ਗੁਰੂ, ਸਾਧ) ਤੋਂ ਕੁਰਬਾਨ ਜਾਂਦਾ ਹਾਂ ਜੇਹੜਾ (ਹਰ ਵੇਲੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ। ਉਸ ਗੁਰੂ ਦਾ ਸਾਧੂ ਦਾ ਦਰਸਨ ਕਰ ਕਰ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ ਜਿਸ ਦੇ ਹਿਰਦੇ ਵਿਚ (ਸਦਾ) ਪਰਮਾਤਮਾ ਦਾ ਨਾਮ ਵੱਸਦਾ ਹੈ।੧।ਰਹਾਉ।

ਹੇ ਸੁਆਮੀ! ਹੇ ਸਰਬ-ਵਿਆਪਕ ਪ੍ਰਭੂ! ਤੂੰ ਸਦਾ ਹੀ ਪਵਿਤ੍ਰ ਹੈਂ, ਪਰ ਅਸੀ ਮੈਲੇ ਜੀਵਨ ਵਾਲੇ ਹਾਂ, ਅਸੀ ਤੈਨੂੰ ਕਿਵੇਂ ਮਿਲ ਸਕਦੇ ਹਾਂ? ਸਾਡੇ ਦਿਲ ਵਿਚ ਕੁਝ ਹੋਰ ਹੁੰਦਾ ਹੈ, ਸਾਡੇ ਮੂੰਹ ਵਿਚ ਕੁਝ ਹੋਰ ਹੁੰਦਾ ਹੈ (ਮੂੰਹੋਂ ਅਸੀ ਕੁਝ ਹੋਰ ਆਖਦੇ ਹਾਂ) , ਅਸੀ ਮੰਦ-ਭਾਗੀ ਹਾਂ, ਅਸੀ ਸਦਾ ਕੂੜੀ ਮਾਇਆ ਦੇ ਗਾਹਕ ਬਣੇ ਰਹਿੰਦੇ ਹਾਂ।੧।

ਹੇ ਹਰੀ! ਹੇ ਸੁਆਮੀ! ਤੇਰਾ ਨਾਮ ਸਾਡਾ ਵਿਖਾਵਾ ਹੈ (ਅਸੀ ਵਿਕਾਰੇ ਦੇ ਤੌਰ ਤੇ ਜਪਦੇ ਹਾਂ) , ਪਰ ਸਾਡੇ ਹਿਰਦੇ ਵਿਚ ਸਦਾ ਮੰਦੇ ਖ਼ਿਆਲ ਭਰੇ ਰਹਿੰਦੇ ਹਨ। ਹੇ ਦਾਸ ਨਾਨਕ! ਆਖ-) ਹੇ ਸੁਆਮੀ! ਮੈਂ ਤੇਰੀ ਸਰਨ ਆ ਪਿਆ ਹਾਂ, ਜਿਵੇਂ ਹੋ ਸਕੇ ਮੈਨੂੰ (ਇਸ ਪਖੰਡ ਤੋਂ) ਬਚਾ ਲੈ।੨।੫।

ਦੇਵਗੰਧਾਰੀ ॥ ਹਰਿ ਕੇ ਨਾਮ ਬਿਨਾ ਸੁੰਦਰਿ ਹੈ ਨਕਟੀ ॥ ਜਿਉ ਬੇਸੁਆ ਕੇ ਘਰਿ ਪੂਤੁ ਜਮਤੁ ਹੈ ਤਿਸੁ ਨਾਮੁ ਪਰਿਓ ਹੈ ਧ੍ਰਕਟੀ ॥੧॥ ਰਹਾਉ ॥ ਜਿਨ ਕੈ ਹਿਰਦੈ ਨਾਹਿ ਹਰਿ ਸੁਆਮੀ ਤੇ ਬਿਗੜ ਰੂਪ ਬੇਰਕਟੀ ॥ ਜਿਉ ਨਿਗੁਰਾ ਬਹੁ ਬਾਤਾ ਜਾਣੈ ਓਹੁ ਹਰਿ ਦਰਗਹ ਹੈ ਭ੍ਰਸਟੀ ॥੧॥ ਜਿਨ ਕਉ ਦਇਆਲੁ ਹੋਆ ਮੇਰਾ ਸੁਆਮੀ ਤਿਨਾ ਸਾਧ ਜਨਾ ਪਗ ਚਕਟੀ ॥ ਨਾਨਕ ਪਤਿਤ ਪਵਿਤ ਮਿਲਿ ਸੰਗਤਿ ਗੁਰ ਸਤਿਗੁਰ ਪਾਛੈ ਛੁਕਟੀ ॥੨॥੬॥ ਛਕਾ ੧   {ਪੰਨਾ 528}

ਪਦਅਰਥ: ਸੁੰਦਰਿ = {ਇਸਤ੍ਰੀ ਲਿੰਗ ਲਫ਼ਜ਼} ਸੋਹਣੀ ਇਸਤ੍ਰੀ। ਨਕਟੀ = ਨਕ ਕੱਟੀ, ਨਕ ਵੱਢੀ, ਬਦ = ਸ਼ਕਲ। ਬੇਸੁਆ = ਕੰਜਰੀ। ਘਰਿ = ਘਰ ਵਿਚ। ਜਮਤੁ ਹੈ– ਜੰਮ ਪੈਂਦਾ ਹੈ। ਪਰਿਓ ਹੈ– ਪੈ ਜਾਂਦਾ ਹੈ। ਧ੍ਰਕਟੀ = ਧਰਕਟ ਇਸਤ੍ਰੀ ਦਾ ਪੁੱਤਰ, ਵਿਭਚਾਰਨ ਦਾ ਪੁਤ੍ਰ, ਹਰਾਮੀ।੧।ਰਹਾਉ।

ਹਿਰਦੈ = ਹਿਰਦੇ ਵਿਚ। ਸੁਆਮੀ = ਮਾਲਕ ਪ੍ਰਭੂ। ਤੇ = ਉਹ ਬੰਦੇ। ਬਿਗੜ ਰੂਪ = ਬਿਗੜੀ ਹੋਈ ਸ਼ਕਲ ਵਾਲੇ, ਬਦ = ਸ਼ਕਲ। ਬੇਰਕਟੀ = {ਰਕਟ = ਰਕਤ, ਰੱਤ, ਲਹੂ} ਵਿਗੜੀ ਹੋਈ ਰੱਤ ਵਾਲੇ, ਕੋਹੜੀ। ਭ੍ਰਸਟੀ = ਵਿਕਾਰਾਂ ਵਿਚ ਡਿੱਗਾ ਹੋਇਆ, ਗੰਦੇ ਆਚਰਨ ਵਾਲਾ।੧।

ਪਗ = ਪੈਰ। ਚਕਟੀ = ਚੱਟੇ {ਚਟਕੀ}, ਪਰਸੇ। ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਮਿਲਿ = ਮਿਲ ਕੇ। ਛੁਕਟੀ = {ਛੁਟਕੀ} ਵਿਕਾਰਾਂ ਤੋਂ ਬਚ ਜਾਂਦੇ ਹਨ।੨।

ਅਰਥ: ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਸੋਹਣੀ (ਮਨੁੱਖੀ) ਕਾਂਇਆਂ ਬਦ-ਸ਼ਕਲ ਹੀ ਜਾਣੋ। ਜਿਵੇਂ ਜੇ ਕਿਸੇ ਕੰਜਰੀ ਦੇ ਘਰ ਪੁੱਤਰ ਜੰਮ ਪਏ, ਤਾਂ ਉਸ ਦਾ ਨਾਮ ਹਰਾਮੀ ਪੈ ਜਾਂਦਾ ਹੈ (ਭਾਵੇਂ ਉਹ ਸ਼ਕਲੋਂ ਸੋਹਣਾ ਭੀ ਪਿਆ ਹੋਵੇ) ੧।ਰਹਾਉ।

ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਮਾਲਕ-ਪ੍ਰਭੂ ਨਹੀਂ (ਚੇਤੇ) ਉਹ ਮਨੁੱਖ ਬਦ-ਸ਼ਕਲ ਹਨ; ਉਹ ਕੋਹੜੀ ਹਨ। ਜਿਵੇਂ ਕੋਈ ਗੁਰੂ ਤੋਂ ਬੇ-ਮੁਖ ਮਨੁੱਖ (ਭਾਵੇਂ ਚਤੁਰਾਈ ਦੀਆਂ) ਬਹੁਤ ਗੱਲਾਂ ਕਰਨੀਆਂ ਜਾਣਦਾ ਹੋਵੇ (ਲੋਕਾਂ ਨੂੰ ਭਾਵੇਂ ਪਤਿਆ ਲਏ, ਪਰ) ਪਰਮਾਤਮਾ ਦੀ ਦਰਗਾਹ ਵਿਚ ਉਹ ਭ੍ਰਸ਼ਟਿਆ ਹੋਇਆ ਹੀ (ਗਿਣਿਆ ਜਾਂਦਾ) ਹੈ।੧।

ਹੇ ਨਾਨਕ! ਆਖ-) ਜਿਨ੍ਹਾਂ ਮਨੁੱਖਾਂ ਉਤੇ ਪਿਆਰਾ ਪ੍ਰਭੂ ਦਇਆਵਾਨ ਹੁੰਦਾ ਹੈ ਉਹ ਮਨੁੱਖ ਸੰਤ ਜਨਾਂ ਦੇ ਪੈਰ ਪਰਸਦੇ ਰਹਿੰਦੇ ਹਨ। ਗੁਰੂ ਦੀ ਸੰਗਤਿ ਵਿਚ ਮਿਲ ਕੇ ਵਿਕਾਰੀ ਮਨੁੱਖ ਭੀ ਚੰਗੇ ਆਚਰਨ ਵਾਲੇ ਬਣ ਜਾਂਦੇ ਹਨ, ਗੁਰੂ ਦੇ ਪਾਏ ਹੋਏ ਪੂਰਨਿਆਂ ਉੱਤੇ ਤੁਰ ਕੇ ਉਹ ਵਿਕਾਰਾਂ ਦੇ ਪੰਜੇ ਵਿਚੋਂ ਬਚ ਨਿਕਲਦੇ ਹਨ।੨।੯।ਛਕਾ ੧।

ਛਕਾ-ਛੱਕਾ, ਛੇ ਸ਼ਬਦਾਂ ਦਾ ਸੰਗ੍ਰਹ।

ਨੋਟ: ਸਿਰਲੇਖ ਵਿਚ ਸਿਰਫ਼ ਪਹਿਲੇ ਸ਼ਬਦ ਦੇ ਨਾਲ ਹੀ ਲਫ਼ਜ਼ 'ਮਹਲਾ ੪' ਵਰਤਿਆ ਗਿਆ ਹੈ। ਫਿਰ ਕਿਤੇ ਨਹੀਂ, ਅਖ਼ੀਰਲੇ ਲਫ਼ਜ਼ 'ਛਕਾ ੧' ਨੇ ਹੀ ਕੰਮ ਸਾਰ ਦਿੱਤਾ ਹੈ।

ਦੇਵਗੰਧਾਰੀ ਮਹਲਾ ੫ ਘਰੁ ੨    ੴ ਸਤਿਗੁਰ ਪ੍ਰਸਾਦਿ ॥ ਮਾਈ ਗੁਰ ਚਰਣੀ ਚਿਤੁ ਲਾਈਐ ॥ ਪ੍ਰਭੁ ਹੋਇ ਕ੍ਰਿਪਾਲੁ ਕਮਲੁ ਪਰਗਾਸੇ ਸਦਾ ਸਦਾ ਹਰਿ ਧਿਆਈਐ ॥੧॥ ਰਹਾਉ ॥ ਅੰਤਰਿ ਏਕੋ ਬਾਹਰਿ ਏਕੋ ਸਭ ਮਹਿ ਏਕੁ ਸਮਾਈਐ ॥ ਘਟਿ ਅਵਘਟਿ ਰਵਿਆ ਸਭ ਠਾਈ ਹਰਿ ਪੂਰਨ ਬ੍ਰਹਮੁ ਦਿਖਾਈਐ ॥੧॥ ਉਸਤਤਿ ਕਰਹਿ ਸੇਵਕ ਮੁਨਿ ਕੇਤੇ ਤੇਰਾ ਅੰਤੁ ਨ ਕਤਹੂ ਪਾਈਐ ॥ ਸੁਖਦਾਤੇ ਦੁਖ ਭੰਜਨ ਸੁਆਮੀ ਜਨ ਨਾਨਕ ਸਦ ਬਲਿ ਜਾਈਐ ॥੨॥੧॥ {ਪੰਨਾ 528}

ਪਦਅਰਥ: ਮਾਈ = ਹੇ ਮਾਂ! ਲਾਈਐ = ਜੋੜਨਾ ਚਾਹੀਦਾ ਹੈ। ਕਮਲੁ = ਕੌਲ = ਫੁੱਲ। ਪਰਗਾਸੇ = ਖਿੜ ਪੈਂਦਾ ਹੈ।੧।ਰਹਾਉ।

ਅੰਤਰਿ = (ਸਰੀਰਾਂ ਦੇ) ਅੰਦਰ। ਸਭ ਮਹਿ = ਸਾਰੀ ਸ੍ਰਿਸ਼ਟੀ ਵਿਚ। ਘਟਿ ਅਵਘਟਿ = ਹਰੇਕ ਸਰੀਰ ਵਿਚ। ਸਭ ਠਾਈ = ਸਭ ਥਾਵਾਂ ਵਿਚ। ਦਿਖਾਈਐ = ਦਿਖਾਈ ਦੇਂਦਾ ਹੈ।੧।

ਉਸਤਤਿ = ਵਡਿਆਈ, ਸਿਫ਼ਤਿ-ਸਾਲਾਹ। ਮੁਨਿ ਕੇਤੇ = ਬੇਅੰਤ ਮੁਨੀ। ਕਤਹੂ = ਕਿਸੇ ਪਾਸੋਂ ਭੀ। ਸੁਖ ਦਾਤੇ = ਹੇ ਸੁਖ ਦੇਣ ਵਾਲੇ! ਦੁਖ ਭੰਜਨ = ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਸਦ = ਸਦਾ।੨।

ਅਰਥ: ਹੇ ਮਾਂ! ਗੁਰੂ ਦੇ ਚਰਨਾਂ ਵਿਚ ਚਿੱਤ ਜੋੜਨਾ ਚਾਹੀਦਾ ਹੈ। (ਗੁਰੂ ਦੀ ਰਾਹੀਂ ਜਦੋਂ) ਪਰਮਾਤਮਾ ਦਇਆਵਾਨ ਹੁੰਦਾ ਹੈ, ਤਾਂ (ਹਿਰਦੇ ਦਾ) ਕੌਲ-ਫੁੱਲ ਖਿੜ ਪੈਂਦਾ ਹੈ। ਹੇ ਮਾਂ! ਸਦਾ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਧਿਆਨ ਧਰਨਾ ਚਾਹੀਦਾ ਹੈ।੧।ਰਹਾਉ।

ਹੇ ਮਾਂ! ਸਰੀਰਾਂ ਦੇ ਅੰਦਰ ਇਕ ਪਰਮਾਤਮਾ ਹੀ ਵੱਸ ਰਿਹਾ ਹੈ, ਬਾਹਰ ਸਾਰੇ ਜਗਤ-ਖਿਲਾਰੇ ਵਿਚ ਭੀ ਇਕ ਪਰਮਾਤਮਾ ਹੀ ਵੱਸ ਰਿਹਾ ਹੈ, ਸਾਰੀ ਸ੍ਰਿਸ਼ਟੀ ਵਿਚ ਉਹੀ ਇਕ ਵਿਆਪਕ ਹੈ। ਹਰੇਕ ਸਰੀਰ ਵਿਚ ਹਰ ਥਾਂ ਸਰਬ-ਵਿਆਪਕ ਪਰਮਾਤਮਾ ਹੀ (ਵੱਸਦਾ) ਦਿੱਸ ਰਿਹਾ ਹੈ।੧।

ਹੇ ਪ੍ਰਭੂ! ਬੇਅੰਤ ਰਿਸ਼ੀ ਮੁਨੀ, ਤੇ, ਬੇਅੰਤ (ਤੇਰੇ) ਸੇਵਕ ਤੇਰੀ ਵਡਿਆਈ ਕਰਦੇ ਆ ਰਹੇ ਹਨ, ਕਿਸੇ ਪਾਸੋਂ ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਿਆ। ਹੇ ਦਾਸ ਨਾਨਕ! ਆਖ-) ਹੇ ਸੁਖ ਦੇਣ ਵਾਲੇ! ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਤੈਥੋਂ ਸਦਾ ਸਦਕੇ ਜਾਣਾ ਚਾਹੀਦਾ ਹੈ।੨।੧।

ਦੇਵਗੰਧਾਰੀ ॥ ਮਾਈ ਹੋਨਹਾਰ ਸੋ ਹੋਈਐ ॥ ਰਾਚਿ ਰਹਿਓ ਰਚਨਾ ਪ੍ਰਭੁ ਅਪਨੀ ਕਹਾ ਲਾਭੁ ਕਹਾ ਖੋਈਐ ॥੧॥ ਰਹਾਉ ॥ ਕਹ ਫੂਲਹਿ ਆਨੰਦ ਬਿਖੈ ਸੋਗ ਕਬ ਹਸਨੋ ਕਬ ਰੋਈਐ ॥ ਕਬਹੂ ਮੈਲੁ ਭਰੇ ਅਭਿਮਾਨੀ ਕਬ ਸਾਧੂ ਸੰਗਿ ਧੋਈਐ ॥੧॥ ਕੋਇ ਨ ਮੇਟੈ ਪ੍ਰਭ ਕਾ ਕੀਆ ਦੂਸਰ ਨਾਹੀ ਅਲੋਈਐ ॥ ਕਹੁ ਨਾਨਕ ਤਿਸੁ ਗੁਰ ਬਲਿਹਾਰੀ ਜਿਹ ਪ੍ਰਸਾਦਿ ਸੁਖਿ ਸੋਈਐ ॥੨॥੨॥ {ਪੰਨਾ 528}

ਪਦਅਰਥ: ਮਾਈ = ਹੇ ਮਾਂ! ਹੋਨਹਾਰ = ਜੋ (ਪ੍ਰਭੂ ਦੇ ਹੁਕਮ ਵਿਚ) ਜ਼ਰੂਰ ਵਾਪਰਨੀ ਹੈ। ਰਾਚਿ ਰਹਿਓ = ਰੁੱਝਾ ਹੋਇਆ ਹੈ। ਰਚਨਾ = ਖੇਡ। ਕਹਾ = ਕਿਤੇ। ਖੋਈਐ = ਖੋਹ ਰਿਹਾ ਹੈ।੧।ਰਹਾਉ।

ਕਹ = ਕਿਤੇ। ਫੂਲਹਿ = ਵਧਦੇ ਫੁਲਦੇ ਹਨ। ਬਿਖੈ = ਵਿਸ਼ੇ = ਵਿਕਾਰ। ਸੋਗ = ਗ਼ਮ। ਹਸਨੋ = ਹਾਸਾ। ਕਬ = ਕਦੇ। ਰੋਈਐ = ਰੋਈਦਾ ਹੈ। ਭਰੇ = ਲਿਬੜੇ ਹੋਏ। ਅਭਿਮਾਨੀ = ਅਹੰਕਾਰੀ। ਸਾਧੂ ਸੰਗਿ = ਗੁਰੂ ਦੀ ਸੰਗਤਿ ਵਿਚ।੧।

ਮੇਟੈ = ਮਿਟਾ ਸਕਦਾ। ਅਲੋਈਐ = ਵੇਖੀਦਾ ਹੈ। ਕਹੁ = ਆਖ। ਜਿਹ ਪ੍ਰਸਾਦਿ = ਜਿਸ ਦੀ ਕਿਰਪਾ ਨਾਲ। ਸੁਖਿ = ਆਤਮਕ ਆਨੰਦ ਵਿਚ। ਸੋਈਐ = ਲੀਨ ਰਹਿ ਸਕੀਦਾ ਹੈ।੨।

ਅਰਥ: ਹੇ ਮਾਂ! ਜਗਤ ਵਿਚ) ਉਹੀ ਕੁਝ ਵਰਤ ਰਿਹਾ ਹੈ ਜੋ (ਪਰਮਾਤਮਾ ਦੀ ਰਜ਼ਾ ਅਨੁਸਾਰ) ਜ਼ਰੂਰ ਵਾਪਰਨਾ ਹੈ। ਪਰਮਾਤਮਾ ਆਪ ਆਪਣੀ ਇਸ ਜਗਤ-ਖੇਡ ਵਿਚ ਰੁੱਝਾ ਪਿਆ ਹੈ, ਕਿਤੇ ਲਾਭ ਦੇ ਰਿਹਾ ਹੈ, ਕਿਤੇ ਕੁਝ ਖੋਹ ਰਿਹਾ ਹੈ।੧।ਰਹਾਉ।

ਹੇ ਮਾਂ! ਜਗਤ ਵਿਚ) ਕਿਤੇ ਖੁਸ਼ੀਆਂ ਵਧ ਫੁਲ ਰਹੀਆਂ ਹਨ, ਕਿਤੇ ਵਿਸ਼ੇ-ਵਿਕਾਰਾਂ ਦੇ ਕਾਰਨ ਗ਼ਮ-ਚਿੰਤਾ ਵਧ ਰਹੇ ਹਨ। ਕਿਤੇ ਹਾਸਾ ਹੋ ਰਿਹਾ ਹੈ, ਕਿਤੇ ਰੋਣਾ ਪਿਆ ਹੋਇਆ ਹੈ। ਕਿਤੇ ਕੋਈ ਅਹੰਕਾਰੀ ਮਨੁੱਖ ਹਉਮੈ ਦੀ ਮੈਲ ਨਾਲ ਲਿਬੜੇ ਪਏ ਹਨ, ਕਿਤੇ ਗੁਰੂ ਦੀ ਸੰਗਤਿ ਵਿਚ ਬੈਠ ਕੇ (ਹਉਮੈ ਦੀ ਮੈਲ ਨੂੰ) ਧੋਤਾ ਜਾ ਰਿਹਾ ਹੈ।੧।

(ਹੇ ਮਾਂ! ਜਗਤ ਵਿਚ ਪਰਮਾਤਮਾ ਤੋਂ ਬਿਨਾ) ਕੋਈ ਦੂਜਾ ਨਹੀਂ ਦਿੱਸਦਾ, ਕੋਈ ਜੀਵ ਉਸ ਪਰਮਾਤਮਾ ਦਾ ਕੀਤਾ (ਹੁਕਮ) ਮਿਟਾ ਨਹੀਂ ਸਕਦਾ।

ਹੇ ਨਾਨਕ! ਆਖ-ਮੈਂ ਉਸ ਗੁਰੂ ਤੋਂ ਕੁਰਬਾਨ ਹਾਂ ਜਿਸ ਦੀ ਕਿਰਪਾ ਨਾਲ (ਪਰਮਾਤਮਾ ਦੀ ਰਜ਼ਾ ਵਿਚ ਰਹਿ ਕੇ) ਆਤਮਕ ਆਨੰਦ ਵਿਚ ਲੀਨ ਰਹਿ ਸਕੀਦਾ ਹੈ।੨।੨।

TOP OF PAGE

Sri Guru Granth Darpan, by Professor Sahib Singh