ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 348

ਆਸਾ ਮਹਲਾ ੪ ॥ ਸੋ ਪੁਰਖੁ ਨਿਰੰਜਨੁ ਹਰਿ ਪੁਰਖੁ ਨਿਰੰਜਨੁ ਹਰਿ ਅਗਮਾ ਅਗਮ ਅਪਾਰਾ ॥ ਸਭਿ ਧਿਆਵਹਿ ਸਭਿ ਧਿਆਵਹਿ ਤੁਧੁ ਜੀ ਹਰਿ ਸਚੇ ਸਿਰਜਣਹਾਰਾ ॥ ਸਭਿ ਜੀਅ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ॥ ਹਰਿ ਧਿਆਵਹੁ ਸੰਤਹੁ ਜੀ ਸਭਿ ਦੂਖ ਵਿਸਾਰਣਹਾਰਾ ॥ ਹਰਿ ਆਪੇ ਠਾਕੁਰੁ ਹਰਿ ਆਪੇ ਸੇਵਕੁ ਜੀ ਕਿਆ ਨਾਨਕ ਜੰਤ ਵਿਚਾਰਾ ॥੧॥ ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਜੀ ਹਰਿ ਏਕੋ ਪੁਰਖੁ ਸਮਾਣਾ ॥ ਇਕਿ ਦਾਤੇ ਇਕਿ ਭੇਖਾਰੀ ਜੀ ਸਭਿ ਤੇਰੇ ਚੋਜ ਵਿਡਾਣਾ ॥ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧੁ ਬਿਨੁ ਅਵਰੁ ਨ ਜਾਣਾ ॥ ਤੂੰ ਪਾਰਬ੍ਰਹਮੁ ਬੇਅੰਤੁ ਬੇਅੰਤੁ ਜੀ ਤੇਰੇ ਕਿਆ ਗੁਣ ਆਖਿ ਵਖਾਣਾ ॥ ਜੋ ਸੇਵਹਿ ਜੋ ਸੇਵਹਿ ਤੁਧੁ ਜੀ ਜਨੁ ਨਾਨਕੁ ਤਿਨ੍ਹ੍ਹ ਕੁਰਬਾਣਾ ॥੨॥ ਹਰਿ ਧਿਆਵਹਿ ਹਰਿ ਧਿਆਵਹਿ ਤੁਧੁ ਜੀ ਸੇ ਜਨ ਜੁਗ ਮਹਿ ਸੁਖ ਵਾਸੀ ॥ ਸੇ ਮੁਕਤੁ ਸੇ ਮੁਕਤੁ ਭਏ ਜਿਨ੍ਹ੍ਹ ਹਰਿ ਧਿਆਇਆ ਜੀਉ ਤਿਨ ਟੂਟੀ ਜਮ ਕੀ ਫਾਸੀ ॥ ਜਿਨ ਨਿਰਭਉ ਜਿਨ੍ਹ੍ਹ ਹਰਿ ਨਿਰਭਉ ਧਿਆਇਆ ਜੀਉ ਤਿਨ ਕਾ ਭਉ ਸਭੁ ਗਵਾਸੀ ॥ ਜਿਨ੍ਹ੍ਹ ਸੇਵਿਆ ਜਿਨ੍ਹ੍ਹ ਸੇਵਿਆ ਮੇਰਾ ਹਰਿ ਜੀਉ ਤੇ ਹਰਿ ਹਰਿ ਰੂਪਿ ਸਮਾਸੀ ॥ ਸੇ ਧੰਨੁ ਸੇ ਧੰਨੁ ਜਿਨ ਹਰਿ ਧਿਆਇਆ ਜੀਉ ਜਨੁ ਨਾਨਕੁ ਤਿਨ ਬਲਿ ਜਾਸੀ ॥੩॥ ਤੇਰੀ ਭਗਤਿ ਤੇਰੀ ਭਗਤਿ ਭੰਡਾਰ ਜੀ ਭਰੇ ਬੇਅੰਤ ਬੇਅੰਤਾ ॥ ਤੇਰੇ ਭਗਤ ਤੇਰੇ ਭਗਤ ਸਲਾਹਨਿ ਤੁਧੁ ਜੀ ਹਰਿ ਅਨਿਕ ਅਨੇਕ ਅਨੰਤਾ ॥ ਤੇਰੀ ਅਨਿਕ ਤੇਰੀ ਅਨਿਕ ਕਰਹਿ ਹਰਿ ਪੂਜਾ ਜੀ ਤਪੁ ਤਾਪਹਿ ਜਪਹਿ ਬੇਅੰਤਾ ॥ ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿੰਮ੍ਰਿਤਿ ਸਾਸਤ ਜੀ ਕਰਿ ਕਿਰਿਆ ਖਟੁ ਕਰਮ ਕਰੰਤਾ ॥ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ ॥੪॥ ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ ਤੁਧੁ ਜੇਵਡੁ ਅਵਰੁ ਨ ਕੋਈ ॥ ਤੂੰ ਜੁਗੁ ਜੁਗੁ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲੁ ਕਰਤਾ ਸੋਈ ॥ ਤੁਧੁ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੁ ਹੋਈ ॥ ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ ਤੁਧੁ ਆਪੇ ਸਿਰਜਿ ਸਭ ਗੋਈ ॥ ਜਨੁ ਨਾਨਕੁ ਗੁਣ ਗਾਵੈ ਕਰਤੇ ਕੇ ਜੀ ਜੋ ਸਭਸੈ ਕਾ ਜਾਣੋਈ ॥੫॥੨॥ {ਪੰਨਾ 348}

ਪਦ ਅਰਥ: ਸੋ = ਉਹ। ਪੁਰਖੁ = ਜੋ ਹਰੇਕ ਸਰੀਰ ਵਿਚ ਵਿਆਪਕ ਹੈ। ਨਿਰੰਜਨੁ = ਨਿਰ-ਅੰਜਨੁ {ਅੰਜਨ = ਕਾਲਖ, ਮਾਇਆ} ਜਿਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਹੈ। ਅਗਮ = ਅ-ਗਮ {ਗਮ = ਪਹੁੰਚ} ਪਹੁੰਚ ਤੋਂ ਪਰੇ। ਅਪਾਰ = ਅ-ਪਾਰ, ਜਿਸ ਦਾ ਪਾਰਲਾ ਬੰਨਾ ਨਾਹ ਲੱਭ ਸਕੇ, ਬੇਅੰਤ। ਸਭਿ = ਸਾਰੇ ਜੀਵ। ਸਿਰਜਣਹਾਰਾ = ਹੇ ਕਰਤਾਰ! ਦਾਤਾਰਾ = ਰਾਜ਼ਕ। ਠਾਕੁਰੁ = ਮਾਲਕ।1।

ਅਰਥ: ਉਹ ਪਰਮਾਤਮਾ ਸਭ ਜੀਵਾਂ ਵਿਚ ਵਿਆਪਕ ਹੈ, (ਫਿਰ ਭੀ) ਮਾਇਆ ਦੇ ਪ੍ਰਭਾਵ ਤੋਂ ਉਤਾਂਹ ਹੈ, ਅਪਹੁੰਚ ਹੈ ਤੇ ਬੇਅੰਤ ਹੈ।

ਹੇ ਸਦਾ ਕਾਇਮ ਰਹਿਣ ਵਾਲੇ ਤੇ ਸਭ ਜੀਵਾਂ ਨੂੰ ਪੈਦਾ ਕਰਨ ਵਾਲੇ ਹਰੀ! ਸਾਰੇ ਜੀਆ-ਜੰਤ ਤੈਨੂੰ ਸਿਮਰਦੇ ਹਨ। ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਨ, ਤੂੰ ਸਭ ਜੀਵਾਂ ਨੂੰ ਰਿਜ਼ਕ ਦੇਣ ਵਾਲਾ ਹੈਂ।

ਹੇ ਸੰਤ ਜਨੋ! ਉਸ ਪ੍ਰਭੂ ਨੂੰ ਸਿਮਰੋ, ਉਹ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ। ਉਹ ਪ੍ਰਭੂ (ਜੀਵਾਂ ਵਿਚ ਵਿਆਪਕ ਹੋਣ ਕਰਕੇ) ਆਪ ਹੀ ਮਾਲਕ ਹੈ ਤੇ ਆਪ ਹੀ ਸੇਵਕ ਹੈ।

ਹੇ ਨਾਨਕ! ਜੀਵ ਵਿਚਾਰੇ ਕੀਹ ਹਨ? (ਭਾਵ, ਜੀਵਾਂ ਦੀ ਉਸ ਪ੍ਰਭੂ ਤੋਂ ਵੱਖਰੀ ਕੋਈ ਹਸਤੀ ਨਹੀਂ)।1।

ਪਦ ਅਰਥ: ਘਟ = ਸਰੀਰ। ਅੰਤਰਿ = ਅੰਦਰ। ਘਟ ਘਟ ਅੰਤਰਿ = ਹਰੇਕ ਸਰੀਰ ਦੇ ਅੰਦਰ। ਨਿਰੰਤਰਿ = ਅੰਦਰ ਇਕ-ਰਸ। ਇਕਿ = {ਪੜਨਾਂਵ 'ਇਕ' ਤੋਂ ਬਹੁ-ਵਚਨ} ਕਈ ਜੀਵ। ਚੋਜ = ਤਮਾਸ਼ੇ, ਕੌਤਕ। ਵਿਡਾਣਾ = ਅਸਚਰਜ। ਭੁਗਤਾ = ਭੋਗਣ ਵਾਲਾ, ਖਾਣ ਵਾਲਾ। ਆਖਿ = ਆਖ ਕੇ। ਵਖਾਣਾ = ਮੈਂ ਦੱਸਾਂ।2।

ਅਰਥ: ਹੇ ਹਰੀ! ਤੂੰ ਹਰੇਕ ਸਰੀਰ ਵਿਚ ਵਿਆਪਕ ਹੈਂ, ਤੂੰ ਸਭ ਜੀਵਾਂ ਵਿਚ ਇਕ-ਰਸ ਮੌਜੂਦ ਹੈਂ, ਤੂੰ ਇਕ ਆਪ ਹੀ ਸਭ ਜੀਵਾਂ ਵਿਚ ਸਮਾਇਆ ਹੋਇਆ ਹੈਂ। (ਫਿਰ ਭੀ) ਕਈ ਜੀਵ ਦਾਨੀ ਹਨ, ਕਈ ਜੀਵ ਮੰਗਤੇ ਹਨ– ਇਹ ਤੇਰੇ ਹੀ ਅਸਚਰਜ ਤਮਾਸ਼ੇ ਹਨ (ਕਿਉਂਕਿ ਅਸਲ ਵਿਚ) ਤੂੰ ਆਪ ਹੀ ਦਾਤਾਂ ਦੇਣ ਵਾਲਾ ਹੈਂ, ਤੇ ਆਪ ਹੀ (ਉਹਨਾਂ ਦਾਤਾਂ ਨੂੰ) ਵਰਤਣ ਵਾਲਾ ਹੈਂ। (ਸਾਰੀ ਸ੍ਰਿਸ਼ਟੀ ਵਿਚ) ਮੈਂ ਤੈਥੋਂ ਬਿਨਾ ਕਿਸੇ ਹੋਰ ਨੂੰ ਨਹੀਂ ਪਛਾਣਦਾ (ਭਾਵ, ਤੈਥੋਂ ਬਿਨਾ ਕੋਈ ਹੋਰ ਦੂਜਾ ਨਹੀਂ ਦਿੱਸਦਾ)। ਮੈਂ ਤੇਰੇ ਕੇਹੜੇ ਕੇਹੜੇ ਗੁਣ ਆਖ ਕੇ ਦੱਸਾਂ? ਤੂੰ ਬੇਅੰਤ ਪਾਰਬ੍ਰਹਮ ਹੈਂ, ਤੂੰ ਬੇਅੰਤ ਪਾਰਬ੍ਰਹਮ ਹੈਂ। ਹੇ ਪ੍ਰਭੂ! ਜੋ ਤੈਨੂੰ ਯਾਦ ਕਰਦੇ ਹਨ ਜੋ ਤੈਨੂੰ ਸਿਮਰਦੇ ਹਨ, ਦਾਸ ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ।2।

ਪਦ ਅਰਥ: ਸੇ ਜਨ = ਉਹੀ ਮਨੁੱਖ {ਬਹੁ-ਵਚਨ}। ਜੁਗ ਮਹਿ = ਜ਼ਿੰਦਗੀ ਵਿਚ। ਸੁਖ ਵਾਸੀ = ਸੁਖ ਨਾਲ ਰਹਿਣ ਵਾਲੇ। ਮੁਕਤੁ = (ਮਾਇਆ ਦੇ ਬੰਧਨਾਂ ਤੋਂ) ਅਜ਼ਾਦ। ਰੂਪਿ = ਰੂਪ ਵਿਚ। ਸਮਾਸੀ = ਲੀਨ ਹੋ ਜਾਂਦੇ ਹਨ। ਧੰਨੁ = ਭਾਗਾਂ ਵਾਲੇ।3।

ਅਰਥ: ਹੇ ਹਰੀ! ਜੋ ਮਨੁੱਖ ਤੈਨੂੰ ਸਿਮਰਦੇ ਹਨ ਜੋ ਤੈਨੂੰ ਧਿਆਉਂਦੇ ਹਨ, ਉਹ ਆਪਣੀ ਜ਼ਿੰਦਗੀ ਵਿਚ ਸੁਖੀ ਵੱਸਦੇ ਹਨ।

ਜਿਨ੍ਹਾਂ ਮਨੁੱਖਾਂ ਨੇ ਹਰੀ-ਨਾਮ ਸਿਮਰਿਆ ਹੈ, ਉਹ ਸਦਾ ਲਈ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਗਏ ਹਨ, ਉਹਨਾਂ ਦੀ ਜਮਾਂ ਵਾਲੀ ਫਾਹੀ ਟੁੱਟ ਗਈ ਹੈ। ਜਿਨ੍ਹਾਂ ਨੇ ਨਿਰਭਉ ਪ੍ਰਭੂ ਨੂੰ ਧਿਆਇਆ ਹੈ, ਪ੍ਰਭੂ ਉਹਨਾਂ ਦਾ ਸਾਰਾ ਡਰ ਦੂਰ ਕਰ ਦੇਂਦਾ ਹੈ। ਜਿਨ੍ਹਾਂ ਨੇ ਪਿਆਰੇ ਪ੍ਰਭੂ ਨੂੰ ਸਿਮਰਿਆ ਹੈ, ਉਹ ਪ੍ਰਭੂ ਦੇ ਸਰੂਪ ਵਿਚ ਹੀ ਲੀਨ ਹੋ ਗਏ ਹਨ। ਭਾਗਾਂ ਵਾਲੇ ਹਨ ਉਹ ਮਨੁੱਖ; ਧੰਨ ਹਨ ਉਹ ਮਨੁੱਖ, ਜਿਨ੍ਹਾਂ ਨੇ ਪ੍ਰਭੂ ਨੂੰ ਧਿਆਇਆ ਹੈ, ਦਾਸ ਨਾਨਕ ਉਹਨਾਂ ਤੋਂ ਕੁਰਬਾਨ ਜਾਂਦਾ ਹੈ।3।

ਪਦ ਅਰਥ: ਭਗਤਿ ਭੰਡਾਰ = ਭਗਤੀ ਦੇ ਖ਼ਜ਼ਾਨੇ। ਭਗਤ = ਬੰਦਗੀ ਕਰਨ ਵਾਲੇ {ਨੋਟ: ਲਫ਼ਜ਼ 'ਭਗਤਿ' ਤੇ 'ਭਗਤ' ਦਾ ਫ਼ਰਕ ਚੇਤੇ ਰੱਖਣ-ਜੋਗ ਹੈ}। ਅਨਿਕ = ਅਨੇਕਾਂ। ਤਪੁ = ਧੂਣੀਆਂ ਆਦਿਕ ਦਾ ਸਰੀਰਕ ਔਖ। ਸਿਮ੍ਰਿਤਿ = ਉਹ ਧਾਰਮਿਕ ਪੁਸਤਕ ਜੋ ਹਿੰਦੂ ਵਿਦਵਾਨ ਰਿਸ਼ੀਆਂ ਨੇ ਵੇਦਾਂ ਨੂੰ ਚੇਤੇ ਕਰ ਕੇ ਆਪਣੇ ਸਮਾਜ ਦੀ ਅਗਵਾਈ ਲਈ ਲਿਖੇ; ਇਹਨਾਂ ਦੀ ਗਿਣਤੀ 27 ਦੇ ਕਰੀਬ ਹੈ। ਸਾਸਤ = ਹਿੰਦੂ ਧਰਮ ਦੇ ਫ਼ਲਸਫ਼ੇ ਦੇ ਪੁਸਤਕ ਜੋ ਗਿਣਤੀ ਵਿਚ ਛੇ ਹਨ– ਸਾਂਖ, ਯੋਗ, ਨਿਆਇ, ਵੈਸ਼ੇਸ਼ਿਕ, ਮੀਮਾਂਸਾ, ਵੇਦਾਂਤ। ਕਿਰਿਆ = ਧਾਰਮਿਕ ਸੰਸਕਾਰ। ਖਟੁ = ਛੇ। ਖਟੁ ਕਰਮ = ਮਨੂ-ਸਿਮ੍ਰਿਤਿ ਅਨੁਸਾਰ ਇਹ ਛੇ ਕਰਮ ਇਉਂ ਹਨ– ਪੜ੍ਹਣਾ, ਪੜ੍ਹਾਣਾ, ਜੱਗ ਕਰਨਾ, ਜੱਗ ਕਰਾਣਾ, ਦਾਨ ਦੇਣਾ, ਦਾਨ ਲੈਣਾ। ਕਰੰਤਾ = ਕਰਦੇ ਹਨ। ਭਾਵਹਿ = ਚੰਗੇ ਲੱਗਦੇ ਹਨ।4।

ਅਰਥ: ਹੇ ਪ੍ਰਭੂ! ਤੇਰੀ ਭਗਤੀ ਦੇ ਬੇਅੰਤ ਖ਼ਜ਼ਾਨੇ ਭਰੇ ਪਏ ਹਨ। ਹੇ ਹਰੀ! ਅਨੇਕਾਂ ਤੇ ਬੇਅੰਤ ਤੇਰੇ ਭਗਤ ਤੇਰੀ ਸਿਫ਼ਤਿ-ਸਾਲਾਹ ਕਰਦੇ ਹਨ। ਹੇ ਪ੍ਰਭੂ! ਅਨੇਕਾਂ ਜੀਵ ਤੇਰੀ ਪੂਜਾ ਕਰਦੇ ਹਨ, ਬੇਅੰਤ ਜੀਵ (ਤੈਨੂੰ ਮਿਲਣ ਲਈ) ਤਾਪ ਸਾਧਦੇ ਹਨ। ਤੇਰੇ ਅਨੇਕਾਂ (ਸੇਵਕ) ਕਈ ਸਿਮ੍ਰਿਤੀਆਂ ਤੇ ਸ਼ਾਸਤ੍ਰ ਪੜ੍ਹਦੇ ਹਨ, (ਤੇ ਉਹਨਾਂ ਦੇ ਦੱਸੇ ਹੋਏ) ਛੇ ਧਾਰਮਿਕ ਕੰਮ ਤੇ ਹੋਰ ਕਰਮ ਕਰਦੇ ਹਨ।

ਹੇ ਦਾਸ ਨਾਨਕ! ਉਹ ਭਗਤ ਭਲੇ ਹਨ (ਭਾਵ ਉਹਨਾਂ ਦੀ ਘਾਲ ਥਾਂਇ ਪਈ ਜਾਣੋ) ਜੋ ਪਿਆਰੇ ਹਰਿ-ਭਗਵੰਤ ਨੂੰ ਪਿਆਰੇ ਲੱਗਦੇ ਹਨ।4।

ਪਦ ਅਰਥ: ਅਪਰੰਪਰ = ਅ-ਪਰੰਪਰ, ਜਿਸ ਦਾ ਪਰਲੇ ਤੋਂ ਪਰਲਾ ਬੰਨਾ ਨਾਹ ਲੱਭ ਸਕੇ, ਬੇਅੰਤ। ਜੇਵਡੁ = ਜੇਡਾ, ਬਰਾਬਰ ਦਾ। ਜੁਗੁ ਜੁਗੁ = ਹਰੇਕ ਜੁਗ ਵਿਚ। ਨਿਹਚਲੁ = ਨਾਹ ਹਿੱਲਣ ਵਾਲਾ, ਸਦਾ-ਥਿਰ। ਵਰਤੈ = ਵਰਤਦਾ ਹੈ, ਹੁੰਦਾ ਹੈ। ਸਿਰਜਿ = ਪੈਦਾ ਕਰ ਕੇ। ਗੋਈ = ਨਾਸ ਕਰ ਦਿੱਤੀ। ਜਾਣੋਈ = ਜਾਣਨ ਵਾਲਾ।5।

ਅਰਥ: ਹੇ ਪ੍ਰਭੂ! ਤੂੰ ਸਭ ਦਾ ਮੂਲ ਹੈਂ, ਸਭ ਵਿਚ ਵਿਆਪਕ ਹੈਂ, ਬੇਅੰਤ ਹੈਂ, ਸਭ ਦਾ ਪੈਦਾ ਕਰਨ ਵਾਲਾ ਹੈਂ, ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ। ਤੂੰ ਹਰੇਕ ਜੁਗ ਵਿਚ ਆਪ ਹੀ ਹੈਂ, ਤੂੰ ਸਦਾ ਹੀ ਇਕ ਆਪ ਹੀ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਸਭ ਦਾ ਪੈਦਾ ਕਰਨ ਵਾਲਾ ਹੈਂ ਤੇ ਸਭ ਦੀ ਸਾਰ ਲੈਣ ਵਾਲਾ ਹੈਂ। ਜਗਤ ਵਿਚ ਉਹੀ ਕੁਝ ਹੁੰਦਾ ਹੈ ਜੋ ਤੈਨੂੰ ਆਪ ਨੂੰ ਪਸੰਦ ਹੈ, ਉਹੀ ਹੁੰਦਾ ਹੈ ਜੋ ਤੂੰ ਆਪ ਹੀ ਕਰਦਾ ਹੈਂ। (ਹੇ ਪ੍ਰਭੂ!) ਸਾਰੀ ਸ੍ਰਿਸ਼ਟੀ ਤੂੰ ਆਪ ਹੀ ਪੈਦਾ ਕੀਤੀ ਹੈ, ਤੂੰ ਆਪ ਹੀ ਪੈਦਾ ਕਰ ਕੇ ਆਪ ਹੀ ਨਾਸ ਕਰਦਾ ਹੈਂ।

ਦਾਸ ਨਾਨਕ ਉਸ ਕਰਤਾਰ ਦੇ ਗੁਣ ਗਾਂਦਾ ਹੈ, ਜੋ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ।5।2।

TOP OF PAGE

Sri Guru Granth Darpan, by Professor Sahib Singh