ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 345

ਜਬ ਲਗੁ ਘਟ ਮਹਿ ਦੂਜੀ ਆਨ ॥ ਤਉ ਲਉ ਮਹਲਿ ਨ ਲਾਭੈ ਜਾਨ ॥ ਰਮਤ ਰਾਮ ਸਿਉ ਲਾਗੋ ਰੰਗੁ ॥ ਕਹਿ ਕਬੀਰ ਤਬ ਨਿਰਮਲ ਅੰਗ ॥੮॥੧॥ {ਪੰਨਾ 345}

ਪਦ ਅਰਥ: ਜਬ ਲਗੁ = ਜਦੋਂ ਤਕ। ਆਨ = ਆਣ, ਪਰਵਾਹ। ਦੂਜੀ ਆਨ = ਜਗਤ ਦੀ ਮੁਥਾਜੀ, ਲੋਕ-ਲਾਜ ਦਾ ਖ਼ਿਆਲ। ਮਹਲਿ = ਮਹਿਲ ਵਿਚ, ਪ੍ਰਭੂ-ਚਰਨਾਂ ਵਿਚ। ਜਾਨ ਨ ਲਾਭੈ = ਜਾਣਾ ਨਹੀਂ ਮਿਲਦਾ, ਜੁੜ ਨਹੀਂ ਸਕਦਾ, ਪਹੁੰਚ ਨਹੀਂ ਸਕਦਾ। ਰਮਤ = ਸਿਮਰ ਸਿਮਰ ਕੇ। ਰਾਮ ਸਿਉ = ਪਰਮਾਤਮਾ ਨਾਲ। ਰੰਗੁ = ਪਿਆਰ। ਕਹਿ = ਕਹੇ, ਆਖਦਾ ਹੈ। ਨਿਰਮਲ = ਪਵਿੱਤਰ। ਅੰਗ = ਸਰੀਰ, ਗਿਆਨ-ਇੰਦ੍ਰੇ ਆਦਿਕ।

ਅਰਥ: (ਪਰ) ਜਦੋਂ ਤਕ ਮਨੁੱਖ ਦੇ ਮਨ ਵਿਚ ਦੁਨੀਆਵੀ ਇੱਜ਼ਤ ਆਦਿਕ ਦੀ ਵਾਸ਼ਨਾ ਹੈ, ਤਦ ਤਕ ਉਹ ਪ੍ਰਭੂ ਦੇ ਚਰਨਾਂ ਵਿਚ ਜੁੜ ਨਹੀਂ ਸਕਦਾ।

ਕਬੀਰ ਆਖਦਾ ਹੈ– ਪਰਮਾਤਮਾ ਦਾ ਸਿਮਰਨ ਕਰਦਿਆਂ ਕਰਦਿਆਂ ਪਰਮਾਤਮਾ ਨਾਲ ਪਿਆਰ ਬਣ ਜਾਂਦਾ ਹੈ ਅਤੇ ਤਦੋਂ ਸਰੀਰ ਪਵਿੱਤਰ ਹੋ ਜਾਂਦਾ ਹੈ।8।1।

ਰਾਗੁ ਗਉੜੀ ਚੇਤੀ ਬਾਣੀ ਨਾਮਦੇਉ ਜੀਉ ਕੀ ੴ ਸਤਿਗੁਰ ਪ੍ਰਸਾਦਿ ॥ ਦੇਵਾ ਪਾਹਨ ਤਾਰੀਅਲੇ ॥ ਰਾਮ ਕਹਤ ਜਨ ਕਸ ਨ ਤਰੇ ॥੧॥ ਰਹਾਉ ॥ ਤਾਰੀਲੇ ਗਨਿਕਾ ਬਿਨੁ ਰੂਪ ਕੁਬਿਜਾ ਬਿਆਧਿ ਅਜਾਮਲੁ ਤਾਰੀਅਲੇ ॥ ਚਰਨ ਬਧਿਕ ਜਨ ਤੇਊ ਮੁਕਤਿ ਭਏ ॥ ਹਉ ਬਲਿ ਬਲਿ ਜਿਨ ਰਾਮ ਕਹੇ ॥੧॥ ਦਾਸੀ ਸੁਤ ਜਨੁ ਬਿਦਰੁ ਸੁਦਾਮਾ ਉਗ੍ਰਸੈਨ ਕਉ ਰਾਜ ਦੀਏ ॥ ਜਪ ਹੀਨ ਤਪ ਹੀਨ ਕੁਲ ਹੀਨ ਕ੍ਰਮ ਹੀਨ ਨਾਮੇ ਕੇ ਸੁਆਮੀ ਤੇਊ ਤਰੇ ॥੨॥੧॥ {ਪੰਨਾ 345}

ਪਦ ਅਰਥ: ਦੇਵਾ = ਹੇ ਦੇਵ! ਹੇ ਪ੍ਰਭੂ! ਪਾਹਨ– {pw = wx} ਪੱਥਰ। ਤਾਰੀਅਲੇ = ਤਾਰੇ ਗਏ, ਤਾਰ ਦਿੱਤੇ, ਤਰਾ ਦਿੱਤੇ।

{ਨੋਟ: ਏਸ ਸ਼ਬਦ ਵਿਚ ਨਾਮਦੇਵ ਜੀ ਉਹਨਾਂ ਉਤਸ਼ਾਹ-ਭਰੀਆਂ ਤੇ ਪ੍ਰੇਮ-ਭਰੀਆਂ ਸਾਖੀਆਂ ਦਾ ਜ਼ਿਕਰ ਕਰ ਕੇ ਮਨ ਨੂੰ ਬੰਦਗੀ ਵਲ ਉਤਸ਼ਾਹ ਦਿੱਤਾ ਹੈ ਜੋ ਰਾਮਾਇਣ, ਮਹਾਭਾਰਤ ਤੇ ਪੁਰਾਣ ਆਦਿਕਾਂ ਵਿਚ ਆਉਂਦੀਆਂ ਹਨ ਤੇ ਜੋ ਆਮ ਲੋਕਾਂ ਵਿਚ ਪ੍ਰਚਲਤ ਸਨ। ਰਾਮਾਇਣ ਦੀ ਇਹ ਕਹਾਣੀ ਆਮ ਪਰਸਿੱਧ ਹੈ ਕਿ ਸ੍ਰੀ ਰਾਮ ਜੀ ਨੇ ਲੰਕਾ ਵਿਚ ਅੱਪੜਨ ਲਈ ਸਮੁੰਦਰ ਉੱਤੇ ਪੁਲ ਬੰਨ੍ਹਣ ਵਾਸਤੇ ਪੱਥਰਾਂ ਉੱਤੇ 'ਰਾਮ' ਨਾਮ ਲਿਖਵਾਇਆ ਤੇ ਪੱਥਰ ਤਰਨ ਲੱਗ ਪਏ। }

ਕਸ ਨ = ਕਿਉਂ ਨਾ?।1। ਰਹਾਉ।

ਤਾਰੀਲੇ = ਤਾਰ ਦਿੱਤੀ। ਗਨਿਕਾ = ਵੇਸਵਾ (ਜਿਸ ਨੂੰ ਇਕ ਮਹਾਂ ਪੁਰਖ ਇਕ ਤੋਤਾ ਦੇ ਗਏ ਤੇ ਕਹਿ ਗਏ ਇਸ ਨੂੰ ਰਾਮ ਨਾਮ ਪੜ੍ਹਾਉਣਾ) । ਬਿਨੁ ਰੂਪ = ਰੂਪ-ਹੀਣ। ਕੁਬਿਜਾ = {kuÊjw} ਇਹ ਇਕ ਜੁਆਨ ਲੜਕੀ ਕੰਸ ਦੀ ਗੋੱਲੀ ਸੀ, ਪਰ ਹੈ ਸੀ ਕੁੱਬੀ। ਜਦੋਂ ਕ੍ਰਿਸ਼ਨ ਜੀ ਤੇ ਬਲਰਾਮ ਮਥੁਰਾ ਨੂੰ ਜਾ ਰਹੇ ਸਨ, ਇਹ ਕੁਬਿਜਾ ਕੰਸ ਵਾਸਤੇ ਸੁਗੰਧੀ ਦਾ ਸਾਮਾਨ ਲਈ ਜਾਂਦੀ ਇਹਨਾਂ ਨੂੰ ਸੜਕ ਤੇ ਮਿਲੀ। ਕ੍ਰਿਸ਼ਨ ਜੀ ਦੇ ਮੰਗਣ ਤੇ ਇਸ ਨੇ ਕੁਝ ਅਤਰ ਆਦਿਕ ਇਹਨਾਂ ਨੂੰ ਭੀ ਦੇ ਦਿੱਤਾ। ਇਸ ਤੇ ਕ੍ਰਿਸ਼ਨ ਜੀ ਨੇ ਪ੍ਰਸੰਨ ਹੋ ਕੇ ਇਸ ਦਾ ਕੁੱਬ ਦੂਰ ਕਰ ਦਿੱਤਾ, ਜਿਸ ਕਰਕੇ ਉਹ ਬੜੀ ਸੁੰਦਰ ਕੁਮਾਰੀ ਦਿੱਸਣ ਲਗ ਪਈ। ਬਿਆਧਿ = ਰੋਗ (-ਗ੍ਰਸਤ) , ਵਿਕਾਰਾਂ ਵਿਚ ਪ੍ਰਵਿਰਤ। ਬਧਿਕ = ਨਿਸ਼ਾਨਾ ਮਾਰਨ ਵਾਲਾ (ਸ਼ਿਕਾਰੀ) । ਚਰਨ ਬਧਿਕ = ਉਹ ਸ਼ਿਕਾਰੀ (ਜਿਸ ਨੇ ਹਰਨ ਦੇ ਭੁਲੇਖੇ ਕ੍ਰਿਸ਼ਨ ਜੀ ਦੇ) ਪੈਰਾਂ ਵਿਚ ਨਿਸ਼ਾਨਾ ਮਾਰਿਆ। ਬਲਿ ਬਲਿ = ਸਦਕੇ।1।

ਦਾਸੀ ਸੁਤ = ਗੋੱਲੀ ਦਾ ਪੁੱਤਰ। ਜਨੁ = (ਤੇਰਾ) ਭਗਤ। ਬਿਦਰੁ = {ibdur} ਵਿਆਸ ਦੀ ਅਸ਼ੀਰਵਾਦ ਨਾਲ ਗੋੱਲੀ ਦੇ ਪੇਟੋਂ ਜੰਮਿਆ ਪੁੱਤਰ ਪਾਂਡੂ ਦਾ ਛੋਟਾ ਭਰਾ, ਇਹ ਕ੍ਰਿਸ਼ਨ ਜੀ ਦਾ ਭਗਤ ਸੀ। ਸੁਦਾਮਾ = {sudwmn`} ਇਕ ਬਹੁਤ ਹੀ ਗਰੀਬ ਬ੍ਰਾਹਮਣ ਕ੍ਰਿਸ਼ਨ ਜੀ ਦਾ ਜਮਾਤੀ ਤੇ ਮਿੱਤਰ ਸੀ। ਆਪਣੀ ਵਹੁਟੀ ਦੀ ਪ੍ਰੇਰਨਾ ਤੇ ਇਕ ਮੁਠ ਚਾਵਲ ਲੈ ਕੇ ਇਹ ਕ੍ਰਿਸ਼ਨ ਜੀ ਪਾਸ ਦਵਾਰਕਾ ਹਾਜ਼ਰ ਹੋਇਆ ਤੇ ਉਹਨਾਂ ਇਸ ਨੂੰ ਮਿਹਰ ਦੀ ਨਜ਼ਰ ਨਾਲ ਅਮੁੱਕ ਧਨ ਤੇ ਸੋਭਾ ਬਖ਼ਸ਼ੀ। ਉਗ੍ਰਸੈਨ = ਕੰਸ ਦਾ ਪਿਉ, ਕੰਸ ਪਿਉ ਨੂੰ ਤਖ਼ਤੋਂ ਲਾਹ ਕੇ ਆਪ ਰਾਜ ਕਰਨ ਲੱਗ ਪਿਆ ਸੀ; ਸ੍ਰੀ ਕ੍ਰਿਸ਼ਨ ਜੀ ਨੇ ਕੰਸ ਨੂੰ ਮਾਰ ਕੇ ਇਸ ਨੂੰ ਮੁੜ ਰਾਜ ਬਖ਼ਸ਼ਿਆ। ਕ੍ਰਮ ਹੀਨ = ਕਰਮ-ਹੀਨ। ਤੇਊ = ਉਹ ਸਾਰੇ।2।

ਅਰਥ: ਹੇ ਪ੍ਰਭੂ! (ਉਹ) ਪੱਥਰ (ਭੀ ਸਮੁੰਦਰ ਉੱਤੇ) ਤੂੰ ਤਰਾ ਦਿੱਤੇ (ਜਿਨ੍ਹਾਂ ਉੱਤੇ ਤੇਰਾ 'ਰਾਮ' ਨਾਮ ਲਿਖਿਆ ਗਿਆ ਸੀ; ਭਲਾ) ਉਹ ਮਨੁੱਖ (ਸੰਸਾਰ-ਸਮੁੰਦਰ ਤੋਂ) ਕਿਉਂ ਨਹੀਂ ਤਰਨਗੇ, ਜੋ ਤੇਰਾ ਨਾਮ ਸਿਮਰਦੇ ਹਨ?। ਰਹਾਉ।

ਹੇ ਪ੍ਰਭੂ! ਤੂੰ (ਮੰਦ-ਕਰਮਣ) ਵੇਸਵਾ (ਵਿਕਾਰਾਂ ਤੋਂ) ਬਚਾ ਲਈ, ਤੂੰ ਕੁਰੂਪ ਕੁਬਿਜਾ ਦਾ ਕੋਝ ਦੂਰ ਕੀਤਾ, ਤੂੰ ਵਿਕਾਰਾਂ ਵਿਚ ਗਲੇ ਹੋਏ ਅਜਾਮਲ ਨੂੰ ਤਾਰ ਦਿੱਤਾ, (ਕ੍ਰਿਸ਼ਨ ਜੀ ਦੇ) ਪੈਰਾਂ ਵਿਚ ਨਿਸ਼ਾਨਾ ਮਾਰਨ ਵਾਲਾ ਸ਼ਿਕਾਰੀ (ਅਤੇ) ਅਜਿਹੇ ਕਈ (ਵਿਕਾਰੀ) ਬੰਦੇ (ਤੇਰੀ ਮਿਹਰ ਨਾਲ) ਮੁਕਤ ਹੋ ਗਏ। ਮੈਂ ਸਦਕੇ ਹਾਂ ਉਹਨਾਂ ਤੋਂ ਜਿਨ੍ਹਾਂ ਪ੍ਰਭੂ ਦਾ ਨਾਮ ਸਿਮਰਿਆ।1।

ਹੇ ਪ੍ਰਭੂ! ਗੋੱਲੀ ਦਾ ਪੁੱਤਰ ਬਿਦਰ ਤੇਰਾ ਭਗਤ (ਪ੍ਰਸਿੱਧ ਹੋਇਆ) ; ਸੁਦਾਮਾ (ਇਸ ਦਾ ਤੂੰ ਦਲਿੱਦਰ ਕੱਟਿਆ) , ਉਗਰਸੈਨ ਨੂੰ ਤੂੰ ਰਾਜ ਦਿੱਤਾ। ਹੇ ਨਾਮਦੇਵ ਦੇ ਸੁਆਮੀ! ਤੇਰੀ ਕਿਰਪਾ ਨਾਲ ਉਹ ਉਹ ਤਰ ਗਏ ਹਨ ਜਿਨ੍ਹਾਂ ਕੋਈ ਜਪ ਨਹੀਂ ਕੀਤੇ, ਕੋਈ ਤਪ ਨਹੀਂ ਸਾਧੇ, ਜਿਨ੍ਹਾਂ ਦੀ ਕੋਈ ਉੱਚੀ ਕੁਲ ਨਹੀਂ ਸੀ, ਕੋਈ ਚੰਗੇ ਅਮਲ ਨਹੀਂ ਸਨ।2।1।

ਨੋਟ: ਇਸ ਸ਼ਬਦ ਵਿਚ ਜਿਨ੍ਹਾਂ ਸਾਖੀਆਂ ਵਲ ਇਸ਼ਾਰਾ ਹੈ ਉਹ ਸ੍ਰੀ ਰਾਮ ਚੰਦਰ ਅਤੇ ਕ੍ਰਿਸ਼ਨ ਜੀ ਦੋਹਾਂ ਨਾਲ ਸੰਬੰਧ ਰੱਖਦੀਆਂ ਹਨ, ਇਸ ਤੋਂ ਸਾਫ਼ ਪ੍ਰਤੱਖ ਹੈ ਕਿ ਨਾਮਦੇਵ ਜੀ ਇਹਨਾਂ ਵਿਚੋਂ ਕਿਸੇ ਖ਼ਾਸ ਇੱਕ ਦੇ ਅਵਤਾਰ-ਰੂਪ ਪੁਜਾਰੀ ਨਹੀਂ ਸਨ। ਇਹਨਾਂ ਦੀ ਰਾਹੀਂ ਤਰੇ ਭਗਤਾਂ ਨੂੰ ਪਰਮਾਤਮਾ ਦੀ ਮਿਹਰ ਦਾ ਪਾਤਰ ਸਮਝਦੇ ਸਨ; ਤਾਹੀਏਂ ਆਖਦੇ ਹਨ– 'ਹਉ ਬਲਿ ਬਲਿ ਜਿਨ ਰਾਮ ਕਹੇ'।

ਭਾਵ: ਸਿਮਰਨ ਦੀ ਵਡਿਆਈ = ਬੜੇ ਬੜੇ ਕੁਕਰਮੀ ਤੇ ਨੀਚ-ਕੁਲ ਬੰਦੇ ਭੀ ਤਰ ਜਾਂਦੇ ਹਨ।

ਰਾਗੁ ਗਉੜੀ ਰਵਿਦਾਸ ਜੀ ਕੇ ਪਦੇ ਗਉੜੀ ਗੁਆਰੇਰੀ ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥ ਮੇਰੀ ਸੰਗਤਿ ਪੋਚ ਸੋਚ ਦਿਨੁ ਰਾਤੀ ॥ ਮੇਰਾ ਕਰਮੁ ਕੁਟਿਲਤਾ ਜਨਮੁ ਕੁਭਾਂਤੀ ॥੧॥ ਰਾਮ ਗੁਸਈਆ ਜੀਅ ਕੇ ਜੀਵਨਾ ॥ ਮੋਹਿ ਨ ਬਿਸਾਰਹੁ ਮੈ ਜਨੁ ਤੇਰਾ ॥੧॥ ਰਹਾਉ ॥ ਮੇਰੀ ਹਰਹੁ ਬਿਪਤਿ ਜਨ ਕਰਹੁ ਸੁਭਾਈ ॥ ਚਰਣ ਨ ਛਾਡਉ ਸਰੀਰ ਕਲ ਜਾਈ ॥੨॥ ਕਹੁ ਰਵਿਦਾਸ ਪਰਉ ਤੇਰੀ ਸਾਭਾ ॥ ਬੇਗਿ ਮਿਲਹੁ ਜਨ ਕਰਿ ਨ ਬਿਲਾਂਬਾ ॥੩॥੧॥ {ਪੰਨਾ 345}

ਪਦ ਅਰਥ: ਸੰਗਤਿ = ਬਹਿਣ-ਖਲੋਣ। ਪੋਚ = ਨੀਚ, ਮਾੜਾ। ਸੋਚ-ਚਿੰਤਾ, ਫਿਕਰ। ਕੁਟਿ = ਡਿੰਗੀ ਲਕੀਰ। ਕੁਟਿਲ = ਵਿੰਗੀਆਂ ਚਾਲਾਂ ਚੱਲਣ ਵਾਲਾ; ਖੋਟਾ। ਕੁਟਿਲਤਾ = ਵਿੰਗੀਆਂ ਚਾਲਾਂ ਚੱਲਣ ਦਾ ਸੁਭਾਉ, ਖੋਟ। ਕੁਭਾਂਤੀ = ਕੁ-ਭਾਂਤੀ, ਭੈੜੀ ਭਾਂਤ ਦਾ, ਨੀਵੀਂ ਕਿਸਮ ਦਾ, ਨੀਵੀਂ ਜਾਤਿ ਵਿਚੋਂ।1।

ਗੁਸਈਆ = ਹੇ ਗੋਸਾਈਂ! ਹੇ ਧਰਤੀ ਦੇ ਸਾਈਂ। ਜੀਅ ਕੇ = ਜਿੰਦ ਦੇ। ਮੋਹਿ = ਮੈਨੂੰ।1। ਰਹਾਉ।

ਹਰਹੁ = ਦੂਰ ਕਰੋ। ਬਿਪਤਿ = ਮੁਸੀਬਤ, ਭੈੜੀ ਸੰਗਤਿ-ਰੂਪ ਬਿਪਤਾ। ਜਨ = ਮੈਨੂੰ ਦਾਸ ਨੂੰ। ਕਰਹੁ = ਬਣਾ ਲਵੋ। ਸੁਭਾਈ = ਸੁ-ਭਾਈ, ਚੰਗੇ ਭਾਓ ਵਾਲਾ, ਚੰਗੀ ਭਾਵਨਾ ਵਾਲਾ। ਨ ਛਾਡਉ = ਮੈਂ ਨਹੀਂ ਛੱਡਾਂਗਾ। ਕਲ = ਸੱਤਿਆ। ਜਾਈ = ਚਲੀ ਜਾਏ, ਨਾਸ ਹੋ ਜਾਏ।2।

ਕਹੁ = ਆਖ। ਰਵਿਦਾਸ = ਹੇ ਰਵਿਦਾਸ! ਪਰਉ = ਮੈਂ ਪੈਂਦਾ ਹਾਂ, ਮੈਂ ਪਿਆਂ ਹਾਂ। ਸਾਭਾ = ਸਾਂਭ, ਸੰਭਾਲ, ਸਰਨ। ਬੇਗਿ = ਛੇਤੀ। ਬਿਲਾਂਬਾ = ਦੇਰ, ਢਿੱਲ।3।1।

ਨੋਟ: ਰਵਿਦਾਸ ਜੀ ਕੇ ਪਦੇ = ਰਵਿਦਾਸ ਜੀ ਦੇ 5 ਸ਼ਬਦ ਹਨ; ਤਿੰਨ ਸ਼ਬਦ ਐਸੇ ਹਨ ਜਿਨ੍ਹਾਂ ਦੇ ਤਿੰਨ ਤਿੰਨ ਪਦ (ਬੰਦ = Stanzas) ਹਨ; 1 ਸ਼ਬਦ ਚਾਰ ਬੰਦਾਂ ਵਾਲਾ ਹੈ ਅਤੇ 1 ਸ਼ਬਦ 8 ਬੰਦਾਂ ਵਾਲਾ ਹੈ। ਸੋ; ਸਭਨਾਂ ਵਾਸਤੇ ਸਾਂਝਾ ਲਫ਼ਜ਼ 'ਪਦੇ' ਵਰਤ ਦਿੱਤਾ ਹੈ; ਤਿਪਦੇ, ਚਉਪਦਾ, ਅਸ਼ਟਪਦੀ ਲਿਖਣ ਦੇ ਥਾਂ।

ਅਰਥ: ਹੇ ਮੇਰੇ ਰਾਮ! ਹੇ ਮੇਰੇ ਰਾਮ! ਹੇ ਧਰਤੀ ਦੇ ਸਾਈਂ! ਹੇ ਮੇਰੀ ਜਿੰਦ ਦੇ ਆਸਰੇ! ਮੈਨੂੰ ਨਾਹ ਵਿਸਾਰੀਂ, ਮੈਂ ਤੇਰਾ ਦਾਸ ਹਾਂ।1। ਰਹਾਉ।

(ਹੇ ਪ੍ਰਭੂ!) ਦਿਨ ਰਾਤ ਮੈਨੂੰ ਇਹ ਸੋਚ ਰਹਿੰਦੀ ਹੈ (ਮੇਰਾ ਕੀਹ ਬਣੇਗਾ?) ਮਾੜਿਆਂ ਨਾਲ ਮੇਰਾ ਬਹਿਣ-ਖਲੋਣ ਹੈ, ਖੋਟ ਮੇਰਾ (ਨਿੱਤ-ਕਰਮ) ਹੈ; ਮੇਰਾ ਜਨਮ (ਭੀ) ਨੀਵੀਂ ਜਾਤਿ ਵਿਚੋਂ ਹੈ।1।

(ਹੇ ਪ੍ਰਭੂ! ਮੇਰੀ ਇਹ ਬਿਪਤਾ ਕੱਟ; ਮੈਨੂੰ ਸੇਵਕ ਨੂੰ ਚੰਗੀ ਭਾਵਨਾ ਵਾਲਾ ਬਣਾ ਲੈ; ਚਾਹੇ ਮੇਰੇ ਸਰੀਰ ਦੀ ਸੱਤਿਆ ਭੀ ਚਲੀ ਜਾਵੇ, (ਹੇ ਰਾਮ!) ਮੈਂ ਤੇਰੇ ਚਰਨ ਨਹੀਂ ਛੱਡਾਂਗਾ।2।

ਹੇ ਰਵਿਦਾਸ! (ਪ੍ਰਭੂ-ਦਰ ਤੇ) ਆਖ– (ਹੇ ਪ੍ਰਭੂ!) ਮੈਂ ਤੇਰੀ ਸ਼ਰਨ ਪਿਆ ਹਾਂ, ਮੈਨੂੰ ਸੇਵਕ ਨੂੰ ਛੇਤੀ ਮਿਲੋ, ਢਿੱਲ ਨਾਹ ਕਰ।3।1।

ਭਾਵ: ਪ੍ਰਭੂ-ਦਰ ਤੇ ਅਰਦਾਸਿ = ਹੇ ਪ੍ਰਭੂ! ਮੈਂ ਮੰਦ-ਕਰਮੀ ਹਾਂ, ਪਰ ਤੇਰੀ ਸ਼ਰਨ ਆਇਆ ਹਾਂ। ਭੈੜੀ ਸੰਗਤਿ ਤੋਂ ਬਚਾਈ ਰੱਖ।

ਬੇਗਮ ਪੁਰਾ ਸਹਰ ਕੋ ਨਾਉ ॥ ਦੂਖੁ ਅੰਦੋਹੁ ਨਹੀ ਤਿਹਿ ਠਾਉ ॥ ਨਾਂ ਤਸਵੀਸ ਖਿਰਾਜੁ ਨ ਮਾਲੁ ॥ ਖਉਫੁ ਨ ਖਤਾ ਨ ਤਰਸੁ ਜਵਾਲੁ ॥੧॥ ਅਬ ਮੋਹਿ ਖੂਬ ਵਤਨ ਗਹ ਪਾਈ ॥ ਊਹਾਂ ਖੈਰਿ ਸਦਾ ਮੇਰੇ ਭਾਈ ॥੧॥ ਰਹਾਉ ॥ ਕਾਇਮੁ ਦਾਇਮੁ ਸਦਾ ਪਾਤਿਸਾਹੀ ॥ ਦੋਮ ਨ ਸੇਮ ਏਕ ਸੋ ਆਹੀ ॥ ਆਬਾਦਾਨੁ ਸਦਾ ਮਸਹੂਰ ॥ ਊਹਾਂ ਗਨੀ ਬਸਹਿ ਮਾਮੂਰ ॥੨॥ ਤਿਉ ਤਿਉ ਸੈਲ ਕਰਹਿ ਜਿਉ ਭਾਵੈ ॥ ਮਹਰਮ ਮਹਲ ਨ ਕੋ ਅਟਕਾਵੈ ॥ ਕਹਿ ਰਵਿਦਾਸ ਖਲਾਸ ਚਮਾਰਾ ॥ ਜੋ ਹਮ ਸਹਰੀ ਸੁ ਮੀਤੁ ਹਮਾਰਾ ॥੩॥੨॥ {ਪੰਨਾ 345}

ਪਦ ਅਰਥ: ਬੇਗਮ = ਬੇ-ਗ਼ਮ, ਜਿਥੇ ਕੋਈ ਗ਼ਮ ਨਹੀਂ। ਕੋ = ਦਾ। ਅੰਦੋਹੁ = ਚਿੰਤਾ। ਤਿਹਿ ਠਾਉ = ਉਸ ਥਾਂ ਤੇ, ਉਸ ਆਤਮਕ ਟਿਕਾਣੇ ਤੇ, ਉਸ ਅਵਸਥਾ ਵਿਚ। ਤਸਵੀਸ = ਸੋਚ, ਘਬਰਾਹਟ। ਖਿਰਾਜ = ਕਰ, ਮਸੂਲ, ਟੈਕਸ। ਖਤਾ = ਦੋਸ਼, ਪਾਪ। ਤਰਸੁ = ਡਰ। ਜਵਾਲ = ਜ਼ਵਾਲ, ਘਾਟਾ।1।

ਮੋਹਿ = ਮੈਂ। ਵਤਨ ਗਹ = ਵਤਨ ਗਾਹ, ਵਤਨ ਦੀ ਥਾਂ, ਰਹਿਣ ਦੀ ਥਾਂ। ਖੈਰਿ = ਖ਼ੈਰੀਅਤ, ਸੁਖ।1। ਰਹਾਉ।

ਕਾਇਮੁ = ਥਿਰ ਰਹਿਣ ਵਾਲੀ। ਦਾਇਮੁ = ਸਦਾ। ਦੋਮ ਸੇਮ = ਦੂਜਾ ਤੀਜਾ (ਦਰਜਾ) । ਏਕ ਸੋ = ਇਕੋ ਜੈਸੇ। ਆਹੀ = ਹਨ। ਆਬਾਦਾਨੁ = ਆਬਾਦ, ਵੱਸਦਾ। ਗਨੀ = ਧਨੀ, ਧਨਾਢ। ਮਾਮੂਰ = ਰੱਜੇ ਹੋਏ।2।

ਸੈਲ ਕਰਹਿ = ਮਨ-ਮਰਜ਼ੀ ਨਾਲ ਤੁਰਦੇ ਫਿਰਦੇ ਹਨ। ਮਹਰਮ = ਵਾਕਿਫ਼। ਮਹਰਮ ਮਹਲ = ਮਹਿਲ ਦੇ ਵਾਕਿਫ਼। ਕੋ = ਕੋਈ। ਨ ਅਟਕਾਵੈ = ਰੋਕਦਾ ਨਹੀਂ। ਕਹਿ = ਕਹੈ, ਆਖਦਾ ਹੈ। ਖਲਾਸ = ਜਿਸ ਨੇ ਦੁੱਖ-ਅੰਦੋਹ ਤਸ਼ਵੀਸ਼ ਆਦਿਕ ਤੋਂ ਖ਼ਲਾਸੀ ਪਾ ਲਈ ਹੋਈ ਹੈ। ਹਮ ਸਹਰੀ = ਇੱਕੋ ਸ਼ਹਿਰ ਦੇ ਵੱਸਣ ਵਾਲਾ, ਹਮ-ਵਤਨ, ਸਤਸੰਗੀ।3।

ਨੋਟ: ਇਸ ਸ਼ਬਦ ਵਿਚ ਦੁਨੀਆ ਦੇ ਲੋਕਾਂ ਦੇ ਮਿਥੇ ਹੋਏ ਸੁਰਗ-ਭਿਸ਼ਤ ਦੇ ਮੁਕਾਬਲੇ ਤੇ ਸੱਚ-ਮੁੱਚ ਦੀ ਆਤਮਕ ਅਵਸਥਾ ਦਾ ਵਰਨਣ ਹੈ। ਸੁਰਗ-ਭਿਸ਼ਤ ਦੇ ਤਾਂ ਸਿਰਫ਼ ਇਕਰਾਰ ਹੀ ਹਨ, ਮਨੁੱਖ ਸਿਰਫ਼ ਆਸਾਂ ਹੀ ਕਰ ਸਕਦਾ ਹੈ ਕਿ ਮਰਨ ਪਿਛੋਂ ਮਿਲੇਗਾ; ਪਰ ਜਿਸ ਆਤਮਕ ਅਵਸਥਾ ਦਾ ਇਥੇ ਜ਼ਿਕਰ ਹੈ, ਉਸ ਨੂੰ ਮਨੁੱਖ ਇਸ ਜ਼ਿੰਦਗੀ ਵਿਚ ਹੀ ਅਨੁਭਵ ਕਰ ਸਕਦਾ ਹੈ, ਜੇ ਉਹ ਜੀਵਨ ਦੇ ਸਹੀ ਰਾਹ ਤੇ ਤੁਰਦਾ ਹੈ।

ਅਰਥ: ਹੇ ਮੇਰੇ ਵੀਰ! ਹੁਣ ਮੈਂ ਵੱਸਣ ਲਈ ਸੋਹਣੀ ਥਾਂ ਲੱਭ ਲਈ ਹੈ, ਉਥੇ ਸਦਾ ਸੁਖ ਹੀ ਸੁਖ ਹੈ।1। ਰਹਾਉ।

(ਜਿਸ ਆਤਮਕ ਅਵਸਥਾ-ਰੂਪ ਸ਼ਹਿਰ ਵਿਚ ਮੈਂ ਵੱਸਦਾ ਹਾਂ) ਉਸ ਸ਼ਹਿਰ ਦਾ ਨਾਮ ਹੈ ਬੇ-ਗ਼ਮਪੁਰਾ (ਭਾਵ, ਉਸ ਅਵਸਥਾ ਵਿਚ ਕੋਈ ਗ਼ਮ ਨਹੀਂ ਪੋਹ ਸਕਦਾ) ; ਉਸ ਥਾਂ ਨਾਹ ਕੋਈ ਦੁੱਖ ਹੈ, ਨਾਹ ਚਿੰਤਾ ਅਤੇ ਨਾਹ ਕੋਈ ਘਬਰਾਹਟ, ਉਥੇ ਦੁਨੀਆ ਵਾਲੀ ਜਾਇਦਾਦ ਨਹੀਂ ਅਤੇ ਨਾਹ ਹੀ ਉਸ ਜਾਇਦਾਦ ਨੂੰ ਮਸੂਲ ਹੈ; ਉਸ ਅਵਸਥਾ ਵਿਚ ਕਿਸੇ ਪਾਪ ਕਰਮ ਕਰਨ ਦਾ ਖ਼ਤਰਾ ਨਹੀਂ; ਕੋਈ ਡਰ ਨਹੀਂ; ਕੋਈ ਗਿਰਾਵਟ ਨਹੀਂ।1।

ਉਹ (ਆਤਮਕ ਅਵਸਥਾ ਇਕ ਐਸੀ) ਪਾਤਸ਼ਾਹੀ (ਹੈ ਜੋ) ਸਦਾ ਹੀ ਟਿਕੀ ਰਹਿਣ ਵਾਲੀ ਹੈ, ਉਥੇ ਕਿਸੇ ਦਾ ਦੂਜਾ ਤੀਜਾ ਦਰਜਾ ਨਹੀਂ, ਸਭ ਇਕੋ ਜਿਹੇ ਹਨ; ਉਹ ਸ਼ਹਿਰ ਸਦਾ ਉੱਘਾ ਹੈ ਤੇ ਵੱਸਦਾ ਹੈ, ਉਥੇ ਧਨੀ ਤੇ ਰੱਜੇ ਹੋਏ ਬੰਦੇ ਵੱਸਦੇ ਹਨ (ਭਾਵ, ਉਸ ਆਤਮਕ ਦਰਜੇ ਤੇ ਜੋ ਜੋ ਅੱਪੜਦੇ ਹਨ ਉਹਨਾਂ ਦੇ ਅੰਦਰ ਕੋਈ ਵਿਤਕਰਾ ਨਹੀਂ ਰਹਿੰਦਾ ਤੇ ਉਹਨਾਂ ਨੂੰ ਦੁਨੀਆ ਦੀ ਭੁੱਖ ਨਹੀਂ ਰਹਿੰਦੀ) ।2।

(ਉਸ ਆਤਮਕ ਸ਼ਹਿਰ ਵਿਚ ਅੱਪੜੇ ਹੋਏ ਬੰਦੇ ਉਸ ਅਵਸਥਾ ਵਿਚ) ਅਨੰਦ ਨਾਲ ਵਿਚਰਦੇ ਹਨ; ਉਹ ਉਸ (ਰੱਬੀ) ਮਹਲ ਦੇ ਭੇਤੀ ਹੁੰਦੇ ਹਨ; (ਇਸ ਵਾਸਤੇ) ਕੋਈ (ਉਹਨਾਂ ਦੇ ਰਾਹ ਵਿਚ) ਰੋਕ ਨਹੀਂ ਪਾ ਸਕਦਾ। ਚਮਿਆਰ ਰਵਿਦਾਸ ਜਿਸ ਨੇ (ਦੁਖ-ਅੰਦੋਹ ਤਸ਼ਵੀਸ਼ ਆਦਿਕ ਤੋਂ) ਖ਼ਲਾਸੀ ਪਾ ਲਈ ਹੈ ਆਖਦਾ ਹੈ– ਅਸਾਡਾ ਮਿੱਤਰ ਉਹ ਹੈ ਜੋ ਅਸਾਡਾ ਸਤਸੰਗੀ ਹੈ।3।2।

ਭਾਵ: ਪ੍ਰਭੂ ਨਾਲ ਮਿਲਾਪ ਵਾਲੀ ਆਤਮਕ ਅਵਸਥਾ ਵਿਚ ਸਦਾ ਅਨੰਦ ਹੀ ਅਨੰਦ ਬਣਿਆ ਰਹਿੰਦਾ ਹੈ।

ੴ ਸਤਿਗੁਰ ਪ੍ਰਸਾਦਿ ॥ ਗਉੜੀ ਬੈਰਾਗਣਿ ਰਵਿਦਾਸ ਜੀਉ ॥ ਘਟ ਅਵਘਟ ਡੂਗਰ ਘਣਾ ਇਕੁ ਨਿਰਗੁਣੁ ਬੈਲੁ ਹਮਾਰ ॥ ਰਮਈਏ ਸਿਉ ਇਕ ਬੇਨਤੀ ਮੇਰੀ ਪੂੰਜੀ ਰਾਖੁ ਮੁਰਾਰਿ ॥੧॥ ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਇ ਰੇ ॥੧॥ ਰਹਾਉ ॥ ਹਉ ਬਨਜਾਰੋ ਰਾਮ ਕੋ ਸਹਜ ਕਰਉ ਬ੍ਯ੍ਯਾਪਾਰੁ ॥ ਮੈ ਰਾਮ ਨਾਮ ਧਨੁ ਲਾਦਿਆ ਬਿਖੁ ਲਾਦੀ ਸੰਸਾਰਿ ॥੨॥ ਉਰਵਾਰ ਪਾਰ ਕੇ ਦਾਨੀਆ ਲਿਖਿ ਲੇਹੁ ਆਲ ਪਤਾਲੁ ॥ ਮੋਹਿ ਜਮ ਡੰਡੁ ਨ ਲਾਗਈ ਤਜੀਲੇ ਸਰਬ ਜੰਜਾਲ ॥੩॥ ਜੈਸਾ ਰੰਗੁ ਕਸੁੰਭ ਕਾ ਤੈਸਾ ਇਹੁ ਸੰਸਾਰੁ ॥ ਮੇਰੇ ਰਮਈਏ ਰੰਗੁ ਮਜੀਠ ਕਾ ਕਹੁ ਰਵਿਦਾਸ ਚਮਾਰ ॥੪॥੧॥ {ਪੰਨਾ 345-346}

ਪਦ ਅਰਥ: ਘਟ = ਰਸਤੇ। ਅਵਘਟ = ਔਖੇ। ਡੂਗਰ = ਪਹਾੜੀ, ਪਹਾੜ ਦਾ। ਘਣਾ = ਬਹੁਤਾ। ਨਿਰਗੁਨੁ = ਗੁਣ-ਹੀਨ, ਮਾੜਾ ਜਿਹਾ। ਹਮਾਰ = ਅਸਾਡਾ, ਮੇਰਾ। ਰਮਈਆ = ਸੋਹਣਾ ਰਾਮ। ਮੁਰਾਰੀ = ਹੇ ਮੁਰਾਰੀ! ਹੇ ਪ੍ਰਭੂ!।1।

ਕੋ = ਕੋਈ। ਬਨਜਾਰੋ = ਵਣਜ ਕਰਨ ਵਾਲਾ, ਵਪਾਰੀ। ਟਾਂਡਾ = ਬਲਦਾਂ ਜਾਂ ਗੱਡਿਆਂ ਰੇੜ੍ਹਿਆਂ ਦਾ ਸਮੂੰਹ ਜਿਨ੍ਹਾਂ ਉਤੇ ਵਪਾਰ-ਸੌਦਾਗਰੀ ਦਾ ਮਾਲ ਲੱਦਿਆ ਹੋਇਆ ਹੋਵੇ, ਕਾਫ਼ਲਾ। ਰੇ = ਹੇ ਭਾਈ! ਲਾਦਿਆ ਜਾਇ = ਲੱਦਿਆ ਜਾ ਸਕੇ।1। ਰਹਾਉ।

ਸਹਜ ਬ੍ਯ੍ਯਾਪਾਰੁ = ਸਹਜ ਦਾ ਵਾਪਾਰ, ਅਡੋਲਤਾ ਦਾ ਵਣਜ, ਉਹ ਵਣਜ ਜਿਸ ਵਿਚੋਂ ਸ਼ਾਂਤੀ-ਰੂਪ ਖੱਟੀ ਹਾਸਲ ਹੋਵੇ। ਕਰਉ = ਕਰਉਂ, ਮੈਂ ਕਰਦਾ ਹਾਂ। ਹਉ = ਮੈਂ। ਬਿਖੁ = ਜ਼ਹਿਰ, ਆਤਮਕ ਜੀਵਨ ਨੂੰ ਮਾਰ ਦੇਣ ਵਾਲੀ ਵਸਤ। ਸੰਸਾਰਿ = ਸੰਸਾਰ ਨੇ, ਦੁਨੀਆ-ਦਾਰਾਂ ਨੇ।2।

ਦਾਨੀਆ-ਜਾਣਨ ਵਾਲਿਓ! ਉਰਵਾਰ ਪਾਰ ਕੇ ਦਾਨੀਆ = ਉਰਲੇ ਤੇ ਪਾਰਲੇ ਪਾਸੇ ਦੀਆਂ ਜਾਣਨ ਵਾਲਿਓ! ਜੀਵਾਂ ਦੇ ਲੋਕ ਪਰਲੋਕ ਵਿਚ ਕੀਤੇ ਕੰਮਾਂ ਨੂੰ ਜਾਣਨ ਵਾਲਿਓ! ਆਲ ਪਤਾਲੁ = ਊਲ ਜਲੂਲ, ਮਨ-ਮਰਜ਼ੀ ਦੀਆਂ ਗੱਲਾਂ। ਮੋਹਿ = ਮੈਨੂੰ। ਡੰਡੁ = ਡੰਨ। ਤਜੀਲੇ = ਛੱਡ ਦਿੱਤੇ ਹਨ।3।

ਰਮਈਏ ਰੰਗੁ = ਸੋਹਣੇ ਰਾਮ (ਦੇ ਨਾਮ) ਦਾ ਰੰਗ। ਮਜੀਨ ਰੰਗੁ = ਮਜੀਠ ਦਾ ਰੰਗ, ਪੱਕਾ ਰੰਗ ਜਿਵੇਂ ਮਜੀਠ ਦਾ ਰੰਗ ਹੁੰਦਾ ਹੈ, ਕਦੇ ਨਾਹ ਉਤਰਨ ਵਾਲਾ ਰੰਗ।4।

ਅਰਥ: ਹੇ ਭਾਈ! (ਜੇ ਸੋਹਣੇ ਪ੍ਰਭੂ ਦੀ ਕਿਰਪਾ ਨਾਲ) ਪ੍ਰਭੂ ਦੇ ਨਾਮ ਦਾ ਵਣਜ ਕਰਨ ਵਾਲਾ ਕੋਈ ਬੰਦਾ ਮੈਨੂੰ ਮਿਲ ਪਏ ਤਾਂ ਮੇਰਾ ਮਾਲ ਭੀ ਲੱਦਿਆ ਜਾ ਸਕੇ (ਭਾਵ, ਤਾਂ ਉਸ ਗੁਰਮੁਖਿ ਦੀ ਸਹਾਇਤਾ ਨਾਲ ਮੈਂ ਭੀ ਹਰਿ-ਨਾਮ-ਰੂਪ ਦਾ ਵਣਜ ਕਰ ਸਕਾਂ) ।1। ਰਹਾਉ।

(ਜਿਨਹੀਂ ਰਾਹੀਂ ਪ੍ਰਭੂ ਦੇ ਨਾਮ ਦਾ ਸੌਦਾ ਲੱਦ ਕੇ ਲੈ ਜਾਣ ਵਾਲਾ ਮੇਰਾ ਟਾਂਡਾ ਲੰਘਣਾ ਹੈ, ਉਹ) ਰਸਤੇ ਬੜੇ ਔਖੇ ਪਹਾੜੀ ਰਸਤੇ ਹਨ, ਤੇ ਮੇਰਾ (ਮਨ-) ਬਲਦ ਮਾੜਾ ਜਿਹਾ ਹੈ; ਪਿਆਰੇ ਪ੍ਰਭੂ ਅੱਗੇ ਹੀ ਮੇਰੀ ਅਰਜ਼ੋਈ ਹੈ– ਹੇ ਪ੍ਰਭੂ! ਮੇਰੀ ਰਾਸਿ-ਪੂੰਜੀ ਦੀ ਤੂੰ ਆਪ ਰੱਖਿਆ ਕਰੀਂ।1।

{ਨੋਟ: ਅੱਖ ਕੰਨ ਜੀਭ ਆਦਿਕ ਗਿਆਨ-ਇੰਦ੍ਰਿਆਂ ਦਾ ਇਕੱਠ ਮਨੁੱਖ-ਵਣਜਾਰੇ ਦਾ ਟਾਂਡਾ ਹੈ, ਇਹਨਾਂ ਨੇ ਨਾਮ-ਵਪਾਰ ਲੱਦਣਾ ਹੈ, ਪਰ ਇਹਨਾਂ ਦੇ ਰਾਹ ਵਿਚ ਰੂਪ ਰਸ ਆਦਿਕ ਔਖੀਆਂ ਘਾਟੀਆਂ ਹਨ। }

ਮੈਂ ਪ੍ਰਭੂ ਦੇ ਨਾਮ ਦਾ ਵਪਾਰੀ ਹਾਂ; ਮੈਂ ਇਹ ਐਸਾ ਵਪਾਰ ਕਰ ਰਿਹਾ ਹਾਂ ਜਿਸ ਵਿਚੋਂ ਮੈਨੂੰ ਸਹਿਜ ਅਵਸਥਾ ਦੀ ਖੱਟੀ ਹਾਸਲ ਹੋਵੇ। (ਪ੍ਰਭੂ ਦੀ ਮਿਹਰ ਨਾਲ) ਮੈਂ ਪ੍ਰਭੂ ਦੇ ਨਾਮ ਦਾ ਸੌਦਾ ਲੱਦਿਆ ਹੈ, ਪਰ ਸੰਸਾਰ ਨੇ (ਆਤਮਕ ਮੌਤ ਲਿਆਉਣ ਵਾਲੀ ਮਾਇਆ-ਰੂਪ) ਜ਼ਹਿਰ ਦਾ ਵਪਾਰ ਕੀਤਾ ਹੈ।2।

ਜੀਵਾਂ ਦੀਆਂ ਲੋਕ ਪਰਲੋਕ ਦੀਆਂ ਸਭ ਕਰਤੂਤਾਂ ਜਾਣਨ ਵਾਲੇ ਹੇ ਚਿਤ੍ਰਗੁਪਤੋ! (ਮੇਰੇ ਬਾਰੇ) ਜੋ ਤੁਹਾਡਾ ਜੀਅ ਕਰੇ ਲਿਖ ਲੈਣਾ (ਭਾਵ, ਜਮਰਾਜ ਪਾਸ ਪੇਸ਼ ਕਰਨ ਲਈ ਮੇਰੇ ਕੰਮਾਂ ਵਿਚੋਂ ਕੋਈ ਗੱਲ ਤੁਹਾਨੂੰ ਲੱਭਣੀ ਹੀ ਨਹੀਂ, ਕਿਉਂਕਿ ਪ੍ਰਭੂ ਦੀ ਕ੍ਰਿਪਾ ਨਾਲ) ਮੈਂ ਸਾਰੇ ਜੰਜਾਲ ਛੱਡ ਦਿੱਤੇ ਹੋਏ ਹਨ, ਤਾਹੀਏਂ ਮੈਨੂੰ ਜਮ ਦਾ ਡੰਨ ਲੱਗਣਾ ਹੀ ਨਹੀਂ।3।

ਹੇ ਚਮਾਰ ਰਵਿਦਾਸ! ਆਖ– (ਜਿਉਂ ਜਿਉਂ ਮੈਂ ਰਾਮ ਨਾਮ ਦਾ ਵਣਜ ਕਰ ਰਿਹਾ ਹਾਂ, ਮੈਨੂੰ ਯਕੀਨ ਆ ਰਿਹਾ ਹੈ ਕਿ) ਇਹ ਜਗਤ ਇਉਂ ਹੈ ਜਿਵੇਂ ਕਸੁੰਭੇ ਦਾ ਰੰਗ, ਤੇ ਮੇਰੇ ਪਿਆਰੇ ਰਾਮ ਦਾ ਨਾਮ-ਰੰਗ ਇਉਂ ਹੈ ਜਿਵੇਂ ਮਜੀਠ ਦਾ ਰੰਗ।4।

ਨੋਟ: ਇਸ ਸ਼ਬਦ ਦੇ ਪਹਿਲੇ ਬੰਦ ਵਿਚ ਭਗਤ ਰਵਿਦਾਸ ਜੀ 'ਰਮਈਏ' ਅਗੇ ਬੇਨਤੀ ਕਰਨ ਵੇਲੇ ਉਸ ਨੂੰ 'ਮੁਰਾਰਿ' ਲਫ਼ਜ਼ ਨਾਲ ਸੰਬੋਧਨ ਕਰਦੇ ਹਨ। ਜੇ ਇਹ ਕਿਸੇ ਖ਼ਾਸ ਇਕ ਅਵਤਾਰ ਦੇ ਪੁਜਾਰੀ ਹੁੰਦੇ ਤਾਂ ਸ੍ਰੀ ਰਾਮਚੰਦਰ ਜੀ ਵਾਸਤੇ ਲਫ਼ਜ਼ 'ਮੁਰਾਰਿ' ਨਾਹ ਵਰਤਦੇ, ਕਿਉਂਕਿ 'ਮੁਰਾਰਿ' ਤਾਂ ਕ੍ਰਿਸ਼ਨ ਜੀ ਦਾ ਨਾਮ ਹੈ।

ਭਾਵ: ਸਤਸੰਗੀਆਂ ਵਿਚ ਮਿਲ ਕੇ ਨਾਮ-ਧਨ ਖੱਟਿਆਂ ਵਿਕਾਰਾਂ ਦਾ ਭਾਰ ਲਹਿ ਜਾਂਦਾ ਹੈ।

TOP OF PAGE

Sri Guru Granth Darpan, by Professor Sahib Singh