ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 93

ਸ੍ਰੀਰਾਗ ਬਾਣੀ ਭਗਤ ਬੇਣੀ ਜੀਉ ਕੀ ॥ ਪਹਰਿਆ ਕੈ ਘਰਿ ਗਾਵਣਾ ॥ ੴ ਸਤਿਗੁਰ ਪ੍ਰਸਾਦਿ ॥ ਰੇ ਨਰ ਗਰਭ ਕੁੰਡਲ ਜਬ ਆਛਤ ਉਰਧ ਧਿਆਨ ਲਿਵ ਲਾਗਾ ॥ ਮਿਰਤਕ ਪਿੰਡਿ ਪਦ ਮਦ ਨਾ ਅਹਿਨਿਸਿ ਏਕੁ ਅਗਿਆਨ ਸੁ ਨਾਗਾ ॥ ਤੇ ਦਿਨ ਸੰਮਲੁ ਕਸਟ ਮਹਾ ਦੁਖ ਅਬ ਚਿਤੁ ਅਧਿਕ ਪਸਾਰਿਆ ॥ ਗਰਭ ਛੋਡਿ ਮ੍ਰਿਤ ਮੰਡਲ ਆਇਆ ਤਉ ਨਰਹਰਿ ਮਨਹੁ ਬਿਸਾਰਿਆ ॥੧॥ ਫਿਰਿ ਪਛੁਤਾਵਹਿਗਾ ਮੂੜਿਆ ਤੂੰ ਕਵਨ ਕੁਮਤਿ ਭ੍ਰਮਿ ਲਾਗਾ ॥ ਚੇਤਿ ਰਾਮੁ ਨਾਹੀ ਜਮ ਪੁਰਿ ਜਾਹਿਗਾ ਜਨੁ ਬਿਚਰੈ ਅਨਰਾਧਾ ॥੧॥ ਰਹਾਉ ॥ ਬਾਲ ਬਿਨੋਦ ਚਿੰਦ ਰਸ ਲਾਗਾ ਖਿਨੁ ਖਿਨੁ ਮੋਹਿ ਬਿਆਪੈ ॥ ਰਸੁ ਮਿਸੁ ਮੇਧੁ ਅੰਮ੍ਰਿਤੁ ਬਿਖੁ ਚਾਖੀ ਤਉ ਪੰਚ ਪ੍ਰਗਟ ਸੰਤਾਪੈ ॥ ਜਪੁ ਤਪੁ ਸੰਜਮੁ ਛੋਡਿ ਸੁਕ੍ਰਿਤ ਮਤਿ ਰਾਮ ਨਾਮੁ ਨ ਅਰਾਧਿਆ ॥ ਉਛਲਿਆ ਕਾਮੁ ਕਾਲ ਮਤਿ ਲਾਗੀ ਤਉ ਆਨਿ ਸਕਤਿ ਗਲਿ ਬਾਂਧਿਆ ॥੨॥ ਤਰੁਣ ਤੇਜੁ ਪਰ ਤ੍ਰਿਅ ਮੁਖੁ ਜੋਹਹਿ ਸਰੁ ਅਪਸਰੁ ਨ ਪਛਾਣਿਆ ॥ ਉਨਮਤ ਕਾਮਿ ਮਹਾ ਬਿਖੁ ਭੂਲੈ ਪਾਪੁ ਪੁੰਨੁ ਨ ਪਛਾਨਿਆ ॥ ਸੁਤ ਸੰਪਤਿ ਦੇਖਿ ਇਹੁ ਮਨੁ ਗਰਬਿਆ ਰਾਮੁ ਰਿਦੈ ਤੇ ਖੋਇਆ ॥ ਅਵਰ ਮਰਤ ਮਾਇਆ ਮਨੁ ਤੋਲੇ ਤਉ ਭਗ ਮੁਖਿ ਜਨਮੁ ਵਿਗੋਇਆ ॥੩॥ ਪੁੰਡਰ ਕੇਸ ਕੁਸਮ ਤੇ ਧਉਲੇ ਸਪਤ ਪਾਤਾਲ ਕੀ ਬਾਣੀ ॥ ਲੋਚਨ ਸ੍ਰਮਹਿ ਬੁਧਿ ਬਲ ਨਾਠੀ ਤਾ ਕਾਮੁ ਪਵਸਿ ਮਾਧਾਣੀ ॥ ਤਾ ਤੇ ਬਿਖੈ ਭਈ ਮਤਿ ਪਾਵਸਿ ਕਾਇਆ ਕਮਲੁ ਕੁਮਲਾਣਾ ॥ ਅਵਗਤਿ ਬਾਣਿ ਛੋਡਿ ਮ੍ਰਿਤ ਮੰਡਲਿ ਤਉ ਪਾਛੈ ਪਛੁਤਾਣਾ ॥੪॥ ਨਿਕੁਟੀ ਦੇਹ ਦੇਖਿ ਧੁਨਿ ਉਪਜੈ ਮਾਨ ਕਰਤ ਨਹੀ ਬੂਝੈ ॥ ਲਾਲਚੁ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨ ਸੂਝੈ ॥ ਥਾਕਾ ਤੇਜੁ ਉਡਿਆ ਮਨੁ ਪੰਖੀ ਘਰਿ ਆਂਗਨਿ ਨ ਸੁਖਾਈ ॥ ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮੁਕਤਿ ਕਿਨਿ ਪਾਈ ॥੫॥ {ਪੰਨਾ 93}

ਪਦ ਅਰਥ: ਗਰਭ ਕੁੰਡਲ = ਮਾਂ ਦਾ ਪੇਟ, ਕੁੰਡਲ ਵਾਂਗ ਦਾ ਗਰਭ-ਅਸਥਾਨ। ਆਛਤ = ਹੁੰਦਾ ਸੈਂ। ਉਰਧ = ਉੱਚਾ। ਲਿਵ = ਬ੍ਰਿਤੀ, ਸੁਰਤਿ। ਮਿਰਤਕ ਪਿੰਡਿ = ਮਿੱਟੀ ਦੇ ਗੋਲੇ ਵਿਚ, ਸਰੀਰ ਵਿਚ। ਪਦ = ਹੋਂਦ, ਹਸਤੀ। ਮਦ = ਅਹੰਕਾਰ, ਮਾਣ। ਨਾ = ਨਹੀਂ ਸੀ। ਅਹਿ = ਦਿਨ। ਨਿਸਿ = ਰਾਤ। ਏਕੁ = ਇੱਕ ਪ੍ਰਭੂ। ਨਾਗਾ = ਅਣਹੋਂਦ, ਅਭਾਵ। ਤੇ = ਉਹ {ਬਹੁ-ਵਚਨ}। ਸੰਮਲੁ = ਚੇਤੇ ਕਰ। ਪਸਾਰਿਆ = ਖਿਲਾਰਿਆ ਹੈ, ਜੰਜਾਲਾਂ ਵਿਚ ਫਸਾਇਆ ਹੈ। ਛੋਡਿ = ਛੱਡ ਕੇ। ਮ੍ਰਿਤ ਮੰਡਲ = ਜਗਤ, ਸੰਸਾਰ। ਤਉ = ਜਦੋਂ। ਨਰਹਰਿ = ਪਰਮਾਤਮਾ ਨੂੰ। ਮਨਹੁ = ਮਨ ਤੋਂ।1।

ਮੂੜਿਆ = ਹੇ ਮੂਰਖ! ਕਵਨ ਕੁਮਤਿ = ਕਿਹੜੀ ਭੈੜੀ ਮੱਤੇ? ਭ੍ਰਮਿ = ਭੁਲੇਖੇ ਵਿਚ। ਚੇਤਿ = ਯਾਦ ਕਰ। ਨਾਹੀ = ਨਹੀਂ ਤਾਂ। ਜਨੁ = ਜਾਨੋ, ਮਾਨੋ, ਜਿਵੇਂ (ਲਾਖ ਬੇਦਨ 'ਜਣੁ' ਆਈ) । ਅਨਰਾਧਾ = (ਅਨਿਰੁੱਧ) , ਅਮੋੜ।1। ਰਹਾਉ।

ਬਿਨੋਦ = ਖੇਡਾਂ। ਚਿੰਦ = ਧਿਆਨ। ਬਿਆਪੈ = ਦਬਿਆ ਰਹਿੰਦਾ ਹੈ। ਮੋਹਿ = ਮੋਹ ਵਿਚ। ਰਸੁ = ਸੁਆਦ, ਚਸਕਾ। ਮਿਸੁ = ਬਹਾਨਾ। ਮੇਧੁ = ਪਵਿੱਤਰ। ਬਿਖੁ = ਜ਼ਹਿਰ। ਪ੍ਰਗਟ = ਖੁਲ੍ਹੇ ਤੌਰ ਤੇ, ਨਿਰਲੱਜ ਹੋ ਕੇ, ਝਾਕਾ ਲਾਹ ਕੇ। ਸੰਤਾਪੈ = ਸਤਾਉਂਦੇ ਹਨ। ਸੰਜਮੁ = ਇੰਦ੍ਰਿਆਂ ਨੂੰ ਰੋਕਣਾ। ਸੁਕ੍ਰਿਤ ਮਤਿ = ਪੁੰਨ ਕਰਮ ਕਰਨ ਵਾਲੀ ਬੁੱਧ। ਕਾਲ = ਕਾਲਖ। ਆਨਿ = ਲਿਆ ਕੇ। ਸਕਤਿ = ਇਸਤ੍ਰੀ। ਗਲਿ = ਗਲ ਵਿਚ, ਗਲ ਨਾਲ।2।

ਤਰੁਣ = ਜੁਆਨੀ। ਤੇਜੁ = ਜ਼ੋਰ। ਤ੍ਰਿਅ ਮੁਖ = ਇਸਤ੍ਰੀਆਂ ਦੇ ਮੂੰਹ। ਜੋਹਹਿ = ਤੂੰ ਤੱਕਦਾ ਹੈਂ। ਸਰ ਅਪਸਰ = ਚੰਗਾ ਮੰਦਾ ਵੇਲਾ, ਵੇਲਾ ਕੁਵੇਲਾ। ਉਨਮਤ ਕਾਮਿ = ਹੇ ਕਾਮ ਵਿਚ ਮਸਤ ਹੋਏ ਹੋਏ! ਸੰਪਤਿ = ਧਨ, ਖ਼ੁਸ਼ਹਾਲੀ। ਗਰਬਿਆ = ਅਹੰਕਾਰੀ ਹੋ ਗਿਆ। ਖੋਇਆ = ਭੁਲਾ ਬੈਠਾ ਹੈਂ। ਅਵਰ ਮਰਤ = ਹੋਰਨਾਂ ਦੇ ਮਰਨ ਤੇ। ਤਉ = ਇਸ ਤਰ੍ਹਾਂ। ਭਗ ਮੁਖਿ = ਭਾਗਾਂ ਨਾਲ ਮਿਲਿਆ ਸ੍ਰੇਸ਼ਟ। ਵਿਗੋਇਆ = ਅਜਾਈਂ ਗਵਾ ਲਿਆ ਹੈ।3।

ਪੁੰਡਰ = ਚਿੱਟੇ ਰੰਗ ਦਾ ਕਉਲ ਫੁੱਲ। ਕੁਸਮ = ਫੁੱਲ। ਤੇ = ਤੋਂ। ਧਉਲੇ = ਚਿੱਟੇ। ਬਾਣੀ = ਬੋਲੀ, ਆਵਾਜ਼। ਸਪਤ ਪਤਾਲ ਕੀ = ਸਤਵੇਂ ਪਤਾਲ ਤੋਂ ਆਈ ਹੋਈ, ਬਹੁਤ ਮੱਧਮ ਤੇ ਬਰੀਕ। ਲੋਚਨ = ਅੱਖਾਂ। ਸ੍ਰਮਹਿ = ਚੋ ਰਹੀਆਂ ਹਨ, ਵਿਚਂੋ ਨੀਰ ਚੱਲ ਰਿਹਾ ਹੈ। ਨਾਠੀ = ਨੱਸ ਗਈ ਹੈ। ਪਵਸਿ = ਪੈ ਰਹੀ ਹੈ। ਬਿਖੈ ਪਾਵਸਿ = ਵਿਸ਼ਿਆਂ ਦੀ ਝੜੀ। ਅਵਗਤਿ = ਅਦ੍ਰਿਸ਼ਟ ਪਰਮਾਤਮਾ। ਅਵਗਤਿ ਬਾਣਿ = ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ। ਮ੍ਰਿਤ ਮੰਡਲਿ = ਜਗਤ ਵਿਚ।4।

ਨਿਕੁਟੀ = ਨਿੱਕੀ ਜਿਹੀ। ਨਿਕੁਟੀ ਦੇਹ = ਨਿੱਕੇ ਨਿੱਕੇ ਬਾਲ। ਧੁਨਿ = ਪਿਆਰ, ਮੋਹ। ਜੀਵਨ ਪਦ = ਜ਼ਿੰਦਗੀ। ਕਾਰਨ = ਵਾਸਤੇ। ਸੂਝੈ = ਦਿੱਸਦਾ। ਥਾਕਾ = ਮੁੱਕ ਗਿਆ। ਤੇਜੁ = ਸਰੀਰਕ ਬਲ। ਘਰਿ = ਘਰ ਵਿਚ। ਆਂਗਨਿ = ਵਿਹੜੇ ਵਿਚ। ਮਰਨ ਮੁਕਤਿ = ਮਰਨ ਦੇ ਪਿੱਛੋਂ ਮੁਕਤੀ। ਕਿਨਿ = ਕਿਸ ਨੇ?।5।

ਅਰਥ: ਹੇ ਮਨੁੱਖ! ਜਦੋਂ ਤੂੰ ਮਾਂ ਦੇ ਪੇਟ ਵਿਚ ਸੈਂ, ਤਦੋਂ ਤੇਰੀ ਸੁਰਤਿ ਉੱਚੇ (ਪ੍ਰਭੂ ਦੇ) ਧਿਆਨ ਵਿਚ ਜੁੜੀ ਰਹਿੰਦੀ ਸੀ; (ਤੈਨੂੰ ਤਦੋਂ) ਸਰੀਰ ਦੀ ਹੋਂਦ ਦਾ ਅਹੰਕਾਰ ਨਹੀਂ ਸੀ, ਦਿਨੇ ਰਾਤ ਇਕ ਪ੍ਰਭੂ ਨੂੰ (ਸਿਮਰਦਾ ਸੈਂ) , (ਤੇਰੇ ਅੰਦਰ) ਅਗਿਆਨ ਦੀ ਅਣਹੋਂਦ ਸੀ। (ਹੇ ਮਨੁੱਖ!) ਉਹ ਦਿਨ ਹੁਣ ਚੇਤੇ ਕਰ (ਤਦੋਂ ਤੈਨੂੰ) ਬੜੇ ਕਲੇਸ਼ ਤੇ ਤਕਲਫ਼ਿਾਂ ਸਨ; ਪਰ ਹੁਣ ਤੂੰ ਆਪਣੇ ਮਨ ਨੂੰ (ਦੁਨੀਆ ਦੇ ਜੰਜਾਲਾਂ ਵਿਚ) ਬਹੁਤ ਫਸਾ ਰੱਖਿਆ ਹੈ। ਮਾਂ ਦਾ ਪੇਟ ਛੱਡ ਕੇ ਜਦੋਂ ਦਾ ਤੂੰ ਜਗਤ ਵਿਚ ਆਇਆ ਹੈਂ, ਤਦੋਂ ਤੋਂ ਤੂੰ ਆਪਣੇ ਨਿਰੰਕਾਰ ਨੂੰ ਭੁਲਾ ਦਿੱਤਾ ਹੈ।1।

ਹੇ ਮੂਰਖ! ਤੂੰ ਕਿਹੜੀ ਮੱਤੇ, ਕਿਹੜੇ ਭੁਲੇਖੇ ਵਿਚ ਲੱਗਾ ਹੋਇਆ ਹੈਂ? (ਸਮਾ ਹੱਥੋਂ ਗਵਾ ਕੇ) ਫੇਰ ਹੱਥ ਮਲੇਂਗਾ, ਪ੍ਰਭੂ ਨੂੰ ਸਿਮਰ, ਨਹੀਂ ਤਾਂ ਜਮਪੁਰੀ ਵਿਚ ਧੱਕਿਆ ਜਾਏਂਗਾ, (ਤੂੰ ਫਿਰਦਾ ਹੈਂ) ਜਿਵੇਂ ਕੋਈ ਅਮੋੜ ਬੰਦਾ ਫਿਰਦਾ ਹੈ।1। ਰਹਾਉ।

(ਪਹਿਲਾਂ) ਤੂੰ ਬਾਲਪੁਣੇ ਦੀਆਂ ਖੇਡਾਂ ਦੇ ਧਿਆਨ ਤੇ ਸੁਆਦ ਵਿਚ ਲੱਗਾ ਰਿਹਾ, ਤੇ ਸਦਾ (ਇਹਨਾਂ ਦੇ ਹੀ) ਮੋਹ ਵਿਚ ਫਸਿਆ ਰਿਹਾ; (ਹੁਣ ਜਦੋਂ) ਤੂੰ ਮਾਇਆ-ਰੂਪ ਵਿਹੁ ਨੂੰ ਰਸਦਾਇਕ ਤੇ ਪਵਿੱਤਰ ਅੰਮ੍ਰਿਤ ਸਮਝ ਕੇ ਚੱਖਿਆ, ਤਦੋਂ ਤੈਨੂੰ ਪੰਜੇ (ਕਾਮਾਦਿਕ) ਖੁਲ੍ਹੇ ਤੌਰ ਤੇ ਸਤਾ ਰਹੇ ਹਨ। ਜਪ ਤਪ ਸੰਜਮ ਤੇ ਪੁੰਨ ਕਰਮ ਕਰਨ ਵਾਲੀ ਬੁੱਧ ਤੂੰ ਛੱਡ ਬੈਠਾ ਹੈਂ, ਪ੍ਰਭੂ ਦੇ ਨਾਮ ਨੂੰ ਨਹੀਂ ਸਿਮਰਦਾ। (ਤੇਰੇ ਅੰਦਰ) ਕਾਮ ਜ਼ੋਰਾਂ ਵਿਚ ਹੈ, ਭੈੜੇ ਪਾਸੇ ਤੇਰੀ ਬੁੱਧੀ ਲੱਗੀ ਹੋਈ ਹੈ, (ਕਾਮਾਤੁਰ ਹੋ ਕੇ) ਤੂੰ ਇਸਤਰੀ ਨੂੰ ਲਿਆ ਗਲ ਲਾਇਆ ਹੈ।2।

(ਤੇਰੇ ਅੰਦਰ) ਜੁਆਨੀ ਦਾ ਜੋਸ਼ ਹੈ, ਪਰਾਈਆ ਜ਼ਨਾਨੀਆਂ ਦੇ ਮੂੰਹ ਤੱਕਦਾ ਹੈਂ, ਵੇਲਾ ਕੁਵੇਲਾ ਭੀ ਤੂੰ ਨਹੀਂ ਸਮਝਦਾ। ਹੇ ਕਾਮ ਵਿਚ ਮਸਤ ਹੋਏ ਹੋਏ! ਹੇ ਪ੍ਰਬਲ ਮਾਇਆ ਵਿਚ ਭੁੱਲੇ ਹੋਏ! ਤੈਨੂੰ ਇਹ ਸਮਝ ਨਹੀਂ ਕਿ ਪਾਪ ਕੀਹ ਹੈ ਤੇ ਪੁੰਨ ਕੀਹ ਹੈ। ਪੁੱਤਰਾਂ ਨੂੰ ਧਨ ਪਦਾਰਥਾਂ ਨੂੰ ਵੇਖ ਕੇ ਤੇਰਾ ਮਨ ਅਹੰਕਾਰੀ ਹੋ ਰਿਹਾ ਹੈ; ਪ੍ਰਭੂ ਨੂੰ ਤੂੰ ਹਿਰਦੇ ਵਿਚੋਂ ਵਿਸਾਰ ਬੈਠਾ ਹੈਂ। ਹੋਰਨਾਂ (ਸੰਬੰਧੀਆਂ) ਦੇ ਮੋਇਆਂ ਤੇਰਾ ਮਨ ਜਾਚ ਕਰਦਾ ਹੈ (ਕਿ) ਕਿਤਨੀ ਕੁ ਮਾਇਆ (ਮਿਲੇਗੀ) ; ਇਸ ਤਰ੍ਹਾਂ ਤੂੰ ਆਪਣਾ ਉੱਤਮ ਤੇ ਸ੍ਰੇਸ਼ਟ (ਮਨੁੱਖਾ) ਜਨਮ ਅਜਾਈਂ ਗਵਾ ਲਿਆ।3।

ਤੇਰੇ ਕੇਸ ਚਿੱਟੇ ਕੌਲ ਫੁੱਲ ਤੋਂ ਭੀ ਵਧੀਕ ਚਿੱਟੇ ਹੋ ਗਏ ਹਨ, ਤੇਰੀ ਆਵਾਜ਼ (ਡਾਢੀ ਮੱਧਮ ਹੋ ਗਈ ਹੈ, ਮਾਨੋ) ਸਤਵੇਂ ਪਾਤਾਲ ਤੋਂ ਆਉਂਦੀ ਹੈ। ਤੇਰੀਆਂ ਅੱਖਾਂ ਸਿੰਮ ਰਹੀਆਂ ਹਨ, ਤੇਰੀ ਚਤੁਰਾਈ ਵਾਲੀ ਬੁੱਧ ਕਮਜ਼ੋਰ ਹੋ ਚੁੱਕੀ ਹੈ ਤਾਂ ਭੀ ਕਾਮ (ਦੀ) ਮਧਾਣੀ (ਤੇਰੇ ਅੰਦਰ) ਪੈ ਰਹੀ ਹੈ (ਭਾਵ, ਅਜੇ ਭੀ ਕਾਮ ਦੀਆਂ ਵਾਸ਼ਨਾਂ ਜ਼ੋਰਾਂ ਵਿਚ ਹਨ) । ਇਹਨਾਂ ਹੀ ਵਾਸ਼ਨਾਂ ਦੇ ਕਾਰਨ ਤੇਰੀ ਬੁੱਧ ਵਿਚ ਵਿਸ਼ਿਆਂ ਦੀ ਝੜੀ ਲੱਗੀ ਹੋਈ ਹੈ, ਤੇਰਾ ਸਰੀਰ ਰੂਪ ਕੌਲ ਫੁੱਲ ਕੁਮਲਾ ਗਿਆ ਹੈ। ਜਗਤ ਵਿਚ ਆ ਕੇ ਤੂੰ ਪਰਮਾਤਮਾ ਦਾ ਭਜਨ ਛੱਡ ਬੈਠਾ ਹੈਂ; (ਸਮਾ ਵਿਹਾ ਜਾਣ ਤੇ) ਪਿੱਛੋਂ ਹੱਥ ਮਲੇਂਗਾ।4।

ਨਿੱਕੇ ਨਿੱਕੇ ਬਾਲ (ਪੁੱਤਰ ਪੋਤਰੇ) ਵੇਖ ਕੇ (ਮਨੁੱਖ ਦੇ ਮਨ ਵਿਚ ਉਹਨਾਂ ਲਈ) ਮੋਹ ਪੈਦਾ ਹੁੰਦਾ ਹੈ, ਅਹੰਕਾਰ ਕਰਦਾ ਹੈ, ਪਰ ਇਸ ਨੂੰ (ਇਹ) ਸਮਝ ਨਹੀਂ ਆਉਂਦੀ (ਕਿ ਸਭ ਕੁਝ ਛੱਡ ਜਾਣਾ ਹੈ) । ਅੱਖਾਂ ਤੋਂ ਦਿੱਸਣੋਂ ਰਹਿ ਜਾਂਦਾ ਹੈ (ਫਿਰ ਭੀ ਮਨੁੱਖ) ਹੋਰ ਜੀਊਣ ਲਈ ਲਾਲਚ ਕਰਦਾ ਹੈ। (ਆਖ਼ਰ) ਸਰੀਰ ਦਾ ਬਲ ਮੁੱਕ ਜਾਂਦਾ ਹੈ, (ਤੇ ਜਦੋਂ) ਜੀਵ ਪੰਛੀ (ਸਰੀਰ ਵਿਚੋਂ) ਉੱਡ ਜਾਂਦਾ ਹੈ (ਤਦੋਂ ਮੁਰਦਾ ਦੇਹ) ਘਰ ਵਿਚ, ਵਿਹੜੇ ਵਿਚ, ਪਈ ਹੋਈ ਚੰਗੀ ਨਹੀਂ ਲੱਗਦੀ।

ਬੇਣੀ ਆਖਦਾ ਹੈ– ਹੇ ਸੰਤ ਜਨੋ! (ਜੇ ਮਨੁੱਖ ਦਾ ਸਾਰੀ ਜ਼ਿੰਦਗੀ ਵਿਚ ਇਹੀ ਹਾਲ ਰਿਹਾ, ਭਾਵ ਜੀਊਂਦਿਆਂ ਕਿਸੇ ਵੇਲੇ ਭੀ ਵਿਕਾਰਾਂ ਤੇ ਮੋਹ ਤੋਂ ਮੁਕਤ ਨਾਹ ਹੋਇਆ, ਜੇ ਜੀਵਨ-ਮੁਕਤ ਨਾਹ ਹੋਇਆ, ਤਾਂ ਇਹ ਸੱਚ ਜਾਣੋ ਕਿ) ਮਰਨ ਤੋਂ ਪਿੱਛੋਂ ਮੁਕਤੀ ਕਿਸੇ ਨੂੰ ਨਹੀਂ ਮਿਲਦੀ।5।

ਸ਼ਬਦ ਦਾ ਭਾਵ: ਜਗਤ ਦੀ ਮਾਇਆ ਵਿਚ ਫਸ ਕੇ ਜੀਵ ਪ੍ਰਭੂ ਦੀ ਯਾਦ ਭੁਲਾ ਦੇਂਦਾ ਹੈ; ਸਾਰੀ ਉਮਰ ਵਿਕਾਰਾਂ ਵਿਚ ਹੀ ਗੁਜ਼ਾਰਦਾ ਹੈ। ਬੁਢੇਪੇ ਵਿਚ ਸਾਰੇ ਅੰਗ ਕਮਜ਼ੋਰ ਹੋ ਜਾਣ ਤੇ ਭੀ ਹੋਰ ਹੋਰ ਜੀਊਣ ਦੀ ਲਾਲਸਾ ਕਰੀ ਜਾਂਦਾ ਹੈ, ਪਰ ਪ੍ਰਭੂ ਦੀ ਯਾਦ ਵਲ ਫਿਰ ਭੀ ਨਹੀਂ ਪਰਤਦਾ। ਇਸ ਤਰ੍ਹਾਂ ਮਨੁੱਖਾ ਜਨਮ ਅਜਾਈਂ ਗਵਾ ਜਾਂਦਾ ਹੈ।

ਨੋਟ: "ਪਹਰਿਆ ਕੈ ਘਰਿ ਗਾਵਣਾ। "

ਭਾਵ: (ਇਸ ਸ਼ਬਦ ਨੂੰ) ਉਸ 'ਘਰ' ਵਿਚ ਗਾਵਣਾ ਹੈ ਜਿਸ ਵਿਚ ਉਹ ਸ਼ਬਦ ਗਾਵਣਾ ਹੈ ਜਿਸ ਦਾ ਸਿਰ-ਲੇਖ ਹੈ "ਪਹਰੇ"।

ਇਹ ਬਾਣੀ "ਪਹਰੇ" ਇਸੇ ਹੀ ਰਾਗ (ਸਿਰੀ ਰਾਗ) ਵਿਚ ਗੁਰੂ ਨਾਨਕ ਸਾਹਿਬ ਦੀ ਹੈ "ਅਸਟਪਦੀਆ" ਤੋਂ ਪਿੱਛੋਂ ਦਰਜ ਹੈ। 1430 ਸਫ਼ੇ ਵਾਲੀ 'ਬੀੜ' ਦੇ ਸਫ਼ਾ 74 ਉਤੇ। ਉਸ ਦਾ ਸਿਰਲੇਖ ਹੈ 'ਸਿਰੀ ਰਾਗ ਪਹਰੇ ਮਹਲਾ 1 ਘਰੁ 1'।

ਸੋ, ਬੇਣੀ ਜੀ ਦੇ ਇਸ ਸ਼ਬਦ ਦਾ 'ਘਰੁ' ਭੀ '1' ਹੈ। ਇਸ ਨੂੰ 'ਘਰ' ਪਹਿਲੇ ਵਿਚ ਗਾਵਣਾ ਹੈ।

ਪਰ ਲਫਜ਼ 'ਘਰੁ 1' ਦੇ ਥਾਂ ਇਤਨੇ ਲਫ਼ਜ਼ 'ਪਹਰਿਆ ਕੈ ਘਰਿ ਗਾਵਣਾ' ਕਿਉਂ ਲਿਖੇ ਗਏ ਹਨ? 'ਪਹਰੇ ਮਹਲਾ 1' ਅਤੇ ਬੇਣੀ ਜੀ ਦੇ ਇਸ ਸ਼ਬਦ ਵਿਚ ਜ਼ਰੂਰ ਕੋਈ ਨ ਕੋਈ ਡੂੰਘਾ ਸੰਬੰਧ ਹੋਵੇਗਾ। ਆਉ, ਵੇਖੀਏ:

ੴਸਤਿਗੁਰ ਪ੍ਰਸਾਦਿ ॥ ਸਿਰੀ ਰਾਗੁ ਮਹਲਾ ਪਹਰੈ 1 ਘਰੁ 1 ॥ ਪਹਿਲੈ ਪਹਿਰੈ ਰੈਣਿ ਕੇ, ਵਣਜਾਰਿਆ ਮਿਤ੍ਰਾ, ਹੁਕਮਿ ਪਇਆ ਗਰਭਾਸਿ ॥ ਉਰਧ ਤਪੁ ਅੰਤਰਿ ਕਰੇ ਵਣਜਾਰਿਆ ਮਿਤ੍ਰਾ ਖਸਮ ਸੇਤੀ ਅਰਦਾਸਿ ॥ ਖਸਮ ਸੇਤੀ ਅਰਦਾਸਿ ਵਖਾਣੈ ਉਰਧ ਧਿਆਨਿ ਲਿਵ ਲਾਗਾ ॥ ਨਾਮਰਜਾਦੁ ਆਇਆ ਕਲਿ ਭੀਤਰਿ ਬਾਹੁੜਿ ਜਾਸੀ ਨਾਗਾ ॥ ਜੈਸੀ ਕਲਮ ਵੁੜੀ ਹੈ ਮਸਤਕਿ ਤੈਸੀ ਜੀਅੜੇ ਪਾਸਿ ॥ ਕਹੁ ਨਾਨਕ ਪ੍ਰਾਣੀ ਪਹਿਲੈ ਪਹਿਰੈ ਹੁਕਮਿ ਪਇਆ ਗਰਭਾਸਿ ॥1॥ {ਪੰਨਾ 74}

'ਪਹਰਿਆਂ' ਦੇ ਦੋ ਸ਼ਬਦ ਸਤਿਗੁਰੂ ਨਾਨਕ ਦੇਵ ਜੀ ਦੇ ਹਨ। ਉਹਨਾਂ ਵਿਚੋਂ ਸਿਰਫ਼ ਪਹਿਲੇ ਸ਼ਬਦ ਦਾ ਪਹਿਲਾ ਬੰਦ ਇਥੇ ਪ੍ਰਮਾਣ ਵਜੋਂ ਦਿੱਤਾ ਹੈ। ਬਾਕੀ ਦੋਵੇਂ ਸ਼ਬਦ ਪਾਠਕ ਸੱਜਣ ਪੰਨਾ 74 ਤੋਂ ਆਪ ਪੜ੍ਹ ਕੇ ਵੇਖ ਲੈਣ। ਇਸ ਇੱਕ ਬੰਦ ਵਿਚ ਹੀ ਗਹੁ ਨਾਲ ਵੇਖੋ:

(1) ਤੁਕਾਂ ਦੀ ਚਾਲ ਗੁਰੂ ਨਾਨਕ ਦੇਵ ਅਤੇ ਬੇਣੀ ਜੀ ਦੀ ਸਾਂਝੀ ਇੱਕ-ਸਮਾਨ ਹੈ।

(2) ਦੋਹਾਂ ਵਿਚ ਕਈ ਲਫ਼ਜ਼ ਸਾਂਝੇ ਹਨ:

ਗੁਰੂ ਨਾਨਕ ਬੇਣੀ

ਗਰਭਾਸਿ ਗਰਭ ਕੁੰਡਲ

ਉਰਧ ਤਪੁ ਉਰਧ ਧਿਆਨ

(3) ਇਕ 'ਤੁਕ' ਹੂ-ਬ-ਹੂ ਮਿਲਦੀ ਹੈ:

ਬੇਣੀ ਜੀ = 'ਉਰਧ ਧਿਆਨ ਲਿਵ ਲਾਗਾ'।

ਗੁਰੂ ਨਾਨਕ ਦੇਵ = 'ਉਰਧ ਧਿਆਨਿ ਲਿਵ ਲਾਗਾ'।

ਇਹ ਸਾਂਝ ਸਬੱਬ ਨਾਲ ਨਹੀਂ ਹੋ ਗਈ। ਸਾਫ਼ ਪ੍ਰਤੱਖ ਹੈ ਕਿ ਬੇਣੀ ਜੀ ਦਾ ਇਹ ਸ਼ਬਦ ਗੁਰੂ ਨਾਨਕ ਦੇਵ ਜੀ ਦੇ ਪਾਸ ਮੌਜੂਦ ਸੀ। ਬੇਣੀ ਜੀ ਦੇ 'ਖ਼ਿਆਲਾਂ' ਨੂੰ ਸਤਿਗੁਰੂ ਜੀ ਨੇ 'ਪਹਰਿਆਂ' ਦੇ ਦੋਹਾਂ ਸ਼ਬਦਾਂ ਵਿਚ ਬਿਆਨ ਕੀਤਾ ਹੈ।

ਸੋ, ਸਿਰ-ਲੇਖ 'ਪਹਰਿਆ ਕੈ ਘਰਿ ਗਾਵਣਾ' ਬੇਣੀ ਜੀ ਨੇ ਨਹੀਂ ਲਿਖਿਆ। ਗੁਰੂ ਨਾਨਕ ਦੇਵ ਜੀ ਨੇ ਜਾਂ ਗੁਰੂ ਅਰਜਨ ਸਾਹਿਬ ਨੇ ਲਿਖਿਆ ਹੈ। ਤੇ, ਇਹ ਸਿਰ-ਲੇਖ ਇਹ ਗੱਲ ਪਰਗਟ ਕਰਦਾ ਹੈ ਕਿ ਬੇਣੀ ਜੀ ਦਾ ਇਹ ਸ਼ਬਦ ਗੁਰੂ ਨਾਨਕ ਦੇਵ ਜੀ ਪਾਸ ਮੌਜੂਦ ਸੀ। ਭਗਤਾਂ ਦੀ ਬਾਣੀ ਗੁਰੂ ਨਾਨਕ ਸਾਹਿਬ ਨੇ ਆਪ ਹੀ ਇਕੱਠੀ ਕੀਤੀ ਸੀ।

ਸ੍ਰੀ ਰਾਗੁ ॥

ਸਿਰੀਰਾਗੁ ॥ ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ ॥ ਕਨਕ ਕਟਿਕ ਜਲ ਤਰੰਗ ਜੈਸਾ ॥੧॥ ਜਉ ਪੈ ਹਮ ਨ ਪਾਪ ਕਰੰਤਾ ਅਹੇ ਅਨੰਤਾ ॥ ਪਤਿਤ ਪਾਵਨ ਨਾਮੁ ਕੈਸੇ ਹੁੰਤਾ ॥੧॥ ਰਹਾਉ ॥ ਤੁਮ੍ਹ੍ਹ ਜੁ ਨਾਇਕ ਆਛਹੁ ਅੰਤਰਜਾਮੀ ॥ ਪ੍ਰਭ ਤੇ ਜਨੁ ਜਾਨੀਜੈ ਜਨ ਤੇ ਸੁਆਮੀ ॥੨॥ ਸਰੀਰੁ ਆਰਾਧੈ ਮੋ ਕਉ ਬੀਚਾਰੁ ਦੇਹੂ ॥ ਰਵਿਦਾਸ ਸਮ ਦਲ ਸਮਝਾਵੈ ਕੋਊ ॥੩॥ {ਪੰਨਾ 93}

ਪਦ ਅਰਥ: ਤੋਹੀ ਮੋਹੀ = ਤੇਰੇ ਮੇਰੇ ਵਿਚ। ਮੋਹੀ ਤੋਹੀ = ਮੇਰੇ ਤੇਰੇ ਵਿਚ। ਅੰਤਰੁ = ਵਿੱਥ, ਭੇਦ, ਫ਼ਰਕ। ਕੈਸਾ = ਕਿਹੋ ਜਿਹਾ ਹੈ? ਅੰਤਰੁ ਕੈਸਾ = ਕੋਈ ਅਸਲੀ ਵਿੱਥ ਨਹੀਂ ਹੈ। ਕਨਕ = ਸੋਨਾ। ਕਟਿਕ = ਕੜੇ, ਕੰਗਣਾ। ਜਲ ਤਰੰਗ = ਪਾਣੀ ਦੀਆਂ ਲਹਿਰਾਂ। ਜੈਸਾ = ਜਿਵੇਂ।1।

ਜਉ ਪੈ = ਜੇਕਰ, ਜੇ। ਹਮ = ਅਸੀਂ ਜੀਵ। ਨ ਕਰੰਤਾ = ਨਾਹ ਕਰਦੇ। ਅਹੇ ਅਨੰਤਾ = ਹੇ ਬੇਅੰਤ (ਪ੍ਰਭੂ) ! ਪਤਿਤ = ਡਿੱਗੇ ਹੋਏ, ਨੀਚ, ਵਿਕਾਰਾਂ ਵਿਚ ਪਏ ਹੋਏ। ਪਾਵਨ = ਪਵਿਤ੍ਰ ਕਰਨ ਵਾਲਾ। ਪਤਿਤ ਪਾਵਨ = ਨੀਚਾਂ ਨੂੰ ਉੱਚਾ ਕਰਨ ਵਾਲਾ, ਪਾਪੀਆਂ ਨੂੰ ਪਵਿਤ੍ਰ ਕਰਨ ਵਾਲਾ। ਕੈਸੇ = ਕਿਵੇਂ? ਹੁੰਤਾ = ਹੁੰਦਾ।1। ਰਹਾਉ।

ਨਾਇਕ = ਆਗੂ, ਸਿੱਧੇ ਰਾਹ ਪਾਣ ਵਾਲਾ, ਤਾਰਨਹਾਰ। ਆਛਹੁ = ਹੈਂ। ਪ੍ਰਭ ਤੇ = ਮਾਲਕ ਤੋਂ, ਮਾਲਕ ਨੂੰ ਪਰਖ ਕੇ। ਜਨੁ = ਸੇਵਕ, ਨੌਕਰ। ਜਾਨੀਜੈ = ਪਛਾਣਿਆ ਜਾਂਦਾ ਹੈ। ਜਨ ਤੇ = ਸੇਵਕ ਤੋਂ, ਸੇਵਕ ਨੂੰ ਜਾਚਿਆਂ।2।

ਅਰਾਧੈ = ਸਿਮਰਨ ਕਰੇ। ਸਰੀਰੁ ਅਰਾਧੈ = ਸਰੀਰ ਸਿਮਰਨ ਕਰੇ, ਜਦ ਤਕ ਸਰੀਰ ਕਾਇਮ ਹੈ ਮੈਂ ਸਿਮਰਨ ਕਰਾਂ। ਮੋ ਕਉ = ਮੈਨੂੰ। ਬੀਚਾਰੁ = ਸੁਮੱਤ, ਸੂਝ। ਦੇਹੂ = ਦੇਹ। ਸਮ ਦਲ = ਦਲਾਂ ਵਿਚ ਸਮਾਨ ਵਰਤਣ ਵਾਲਾ, ਸਭ ਜੀਵਾਂ ਵਿਚ ਵਿਆਪਕ। ਕੋਊ = ਕੋਈ (ਸੰਤ ਜਨ) ।3।

ਅਰਥ: (ਹੇ ਪਰਮਾਤਮਾ!) ਤੇਰੀ ਮੇਰੇ ਨਾਲੋਂ, ਮੇਰੀ ਤੇਰੇ ਨਾਲੋਂ (ਅਸਲ) ਵਿੱਥ ਕਿਹੋ ਜਿਹੀ ਹੈ? (ਉਹੋ ਜਿਹੀ ਹੀ ਹੈ) ਜਿਹੀ ਸੋਨੇ ਤੇ ਸੋਨੇ ਦੇ ਕੜਿਆਂ ਦੀ, ਜਾਂ, ਪਾਣੀ ਤੇ ਪਾਣੀ ਦੀਆਂ ਲਹਿਰਾਂ ਦੀ ਹੈ।1।

ਹੇ ਬੇਅੰਤ (ਪ੍ਰਭੂ) ਜੀ! ਜੇ ਅਸੀਂ ਜੀਵ ਪਾਪ ਨਾਹ ਕਰਦੇ ਤਾਂ ਤੇਰਾ ਨਾਮ (ਪਾਪੀਆਂ ਨੂੰ ਪਵਿਤ੍ਰ ਕਰਨ ਵਾਲਾ) 'ਪਤਿਤ-ਪਾਵਨ' ਕਿਵੇਂ ਹੋ ਜਾਂਦਾ?।1। ਰਹਾਉ।

ਹੇ ਸਾਡੇ ਦਿਲਾਂ ਦੀ ਜਾਣਨਹਾਰ ਪ੍ਰਭੂ! ਤੂੰ ਜੋ ਸਾਡਾ ਮਾਲਕ ਹੈਂ (ਤਾਂ ਫਿਰ ਮਾਲਕਾਂ ਵਾਲਾ ਬਿਰਦ ਪਾਲ, ਆਪਣੇ 'ਪਤਿਤ-ਪਾਵਨ' ਨਾਮ ਦੀ ਲਾਜ ਰੱਖ) । ਮਾਲਕ ਨੂੰ ਵੇਖ ਕੇ ਇਹ ਪਛਾਣ ਲਈਦਾ ਹੈ ਕਿ ਇਸ ਦਾ ਸੇਵਕ ਕਿਹੋ ਜਿਹਾ ਹੈ ਤੇ ਸੇਵਕ ਤੋਂ ਮਾਲਕ ਦੀ ਪਰਖ ਹੋ ਜਾਂਦੀ ਹੈ।2।

(ਸੋ, ਹੇ ਪ੍ਰਭੂ!) ਮੈਨੂੰ ਇਹ ਸੂਝ ਬਖ਼ਸ਼ ਕਿ ਜਦ ਤਾਈਂ ਮੇਰਾ ਇਹ ਸਰੀਰ ਸਾਬਤ ਹੈ ਤਦ ਤਾਈਂ ਮੈਂ ਤੇਰਾ ਸਿਮਰਨ ਕਰਾਂ। (ਇਹ ਭੀ ਮਿਹਰ ਕਰ ਕਿ) ਰਵਿਦਾਸ ਨੂੰ ਕੋਈ ਸੰਤ ਜਨ ਇਹ ਸਮਝ (ਭੀ) ਦੇ ਦੇਵੇ ਕਿ ਤੂੰ ਸਰਬ-ਵਿਆਪਕ ਹੈਂ।3।

ਸ਼ਬਦ ਦਾ ਭਾਵ: ਅਸਲ ਵਿਚ ਪਰਮਾਤਮਾ ਤੇ ਜੀਵਾਂ ਵਿਚ ਕੋਈ ਭਿੰਨ-ਭੇਦ ਨਹੀਂ ਹੈ। ਉਹ ਆਪ ਹੀ ਸਭ ਥਾਈਂ ਵਿਆਪਕ ਹੈ ਜੀਵ ਉਸ ਨੂੰ ਭੁਲਾ ਕੇ ਪਾਪਾਂ ਵਿਚ ਪੈ ਕੇ ਉਸ ਤੋਂ ਵੱਖਰੇ ਪ੍ਰਤੀਤ ਹੁੰਦੇ ਹਨ। ਆਖ਼ਰ, ਉਹ ਆਪ ਹੀ ਕੋਈ ਸੰਤ ਜਨ ਮਿਲਾ ਕੇ ਭੁੱਲੇ ਜੀਵਾਂ ਨੂੰ ਆਪਣਾ ਅਸਲ ਸਰੂਪ ਵਿਖਾਲਦਾ ਹੈ।

TOP OF PAGE

Sri Guru Granth Darpan, by Professor Sahib Singh